ਸਨਸਨੀਖੇਜ਼ ਵਾਰਦਾਤ; ਪਤਨੀ ਦਾ ਕਤਲ ਕਰ ਬੈੱਡ ''ਚ ਲੁਕਾਈ ਲਾਸ਼ ਤੇ ਫਿਰ...
Saturday, Jan 04, 2025 - 11:50 AM (IST)
ਨੈਸ਼ਨਲ ਡੈਸਕ- ਦਿੱਲੀ ਦੇ ਬਿੰਦਾਪੁਰ ਇਲਾਕੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਨੂੰ ਬੈੱਡ 'ਚ ਲੁਕਾ ਦਿੱਤਾ ਅਤੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ, ਜਿੱਥੇ ਔਰਤ ਦੀ ਲਾਸ਼ ਸੜੀ ਹੋਈ ਹਾਲਤ 'ਚ ਮਿਲੀ। ਲਾਸ਼ ਦੀ ਪਛਾਣ 24 ਸਾਲਾ ਦੀਪਾ ਵਜੋਂ ਹੋਈ ਹੈ, ਜਿਸ ਦਾ 5 ਸਾਲ ਪਹਿਲਾਂ ਧਨਰਾਜ ਨਾਲ ਵਿਆਹ ਹੋਇਆ ਸੀ ਅਤੇ ਉਹ ਦਿੱਲੀ 'ਚ ਕਿਰਾਏ 'ਤੇ ਰਹਿੰਦਾ ਸੀ।
ਪੁਲਸ ਨੇ ਦੱਸਿਆ ਕਿ ਦੀਪਾ ਅਤੇ ਧਨਰਾਜ ਦੀ ਦੋ ਸਾਲ ਦੀ ਧੀ ਵੀ ਹੈ, ਜੋ ਆਪਣੇ ਮਾਮੇ ਕੋਲ ਰਹਿੰਦੀ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ FSL ਅਤੇ ਕ੍ਰਾਈਮ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਮੁਲਜ਼ਮ ਨੇ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਲੁਕਾ ਦਿੱਤਾ ਸੀ, ਜਿਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਟੀਮ ਨੇ ਔਰਤ ਦੀ ਲਾਸ਼ ਸੜੀ ਹਾਲਤ 'ਚ ਬਰਾਮਦ ਕੀਤੀ।
ਮ੍ਰਿਤਕਾ ਦੇ ਪਿਤਾ ਅਸ਼ੋਕ ਚੌਹਾਨ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ IPC ਦੀ ਧਾਰਾ 103 (1) ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਧਾਰਾ ਕਤਲ ਜਾਂ ਗੰਭੀਰ ਸੱਟਾਂ ਵਾਲੇ ਅਪਰਾਧਾਂ 'ਤੇ ਲਾਗੂ ਹੁੰਦੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਟੈਕਸੀ ਡਰਾਈਵਰ ਵਜੋਂ ਹੋਈ ਹੈ ਅਤੇ ਉਹ ਘਟਨਾ ਦੇ ਬਾਅਦ ਤੋਂ ਫਰਾਰ ਹੈ। ਪੁਲਸ ਹੁਣ ਮੁਲਜ਼ਮਾਂ ਦੀ ਭਾਲ ਵਿਚ ਜੁਟੀ ਹੋਈ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।