ਮਨੁੱਖੀ ਅਧਿਕਾਰ ਲੋਕਤੰਤਰ ਦਾ ਮੁੱਖ ਥੰਮ੍ਹ : ਧਨਖੜ
Sunday, Dec 10, 2023 - 07:57 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਮਨੁੱਖੀ ਅਧਿਕਾਰਾਂ ਨੂੰ ਲੋਕਤੰਤਰ ਦਾ ਇਕ ਅਹਿਮ ਥੰਮ੍ਹ ਕਰਾਰ ਦਿੰਦਿਆਂ ਕਿਹਾ ਕਿ ਭਾਰਤ ’ਚ ਮਨੁੱਖੀ ਅਧਿਕਾਰਾਂ ਦੀ ਪਾਲਣਾ ਵਿਸ਼ਵ ਲਈ ਇਕ ਆਦਰਸ਼ ਹੈ। ਸ਼੍ਰੀ ਧਨਖੜ ਨੇ ਐਤਵਾਰ ਨੂੰ ਇੱਥੇ ਮਨੁੱਖੀ ਅਧਿਕਾਰ ਦਿਵਸ ’ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ’ਚ ਭਾਰਤ ਦੀ ਭੂਮਿਕਾ ਜ਼ਿਕਰਯੋਗ ਹੈ।
ਪੂਰੀ ਦੁਨੀਆ ’ਚ ਮਨੁੱਖੀ ਅਧਿਕਾਰਾਂ ਦੀ ਪਾਲਣਾ ਨੂੰ ਲੈ ਕੇ ਭਾਰਤ ਦੀ ਉਦਾਹਰਣ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਭਾਰਤੀ ਸੱਭਿਆਚਾਰ ਤੇ ਸੱਭਿਅਤਾ ਅਤੇ ਸੰਵਿਧਾਨ ’ਚ ਦਰਜ ਹੈ।
ਉਪ-ਰਾਸ਼ਟਰਪਤੀ ਨੇ ਸੰਵਿਧਾਨ ’ਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵਿਵਸਥਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਲੋਕਤੰਤਰ ਦਾ ਬੁਨਿਆਦੀ ਥੰਮ੍ਹ ਹੈ। ਭਾਰਤ ਦੇ ਰਾਸ਼ਟਰਪਤੀ ਦੇ ਤੌਰ ’ਤੇ ਇਕ ਆਦਿਵਾਸੀ ਔਰਤ ਦੀ ਨਿਯੁਕਤੀ ਨੂੰ ਮਨੁੱਖੀ ਅਧਿਕਾਰਾਂ ਦਾ ਸਬੂਤ ਦੱਸਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਮਨੁੱਖੀ ਅਧਿਕਾਰ ਇਕ ਯੱਗ ਵਾਂਗ ਇਕ ਸਮੂਹਿਕ ਉਪਰਾਲਾ ਹੈ ਅਤੇ ਇਸ ’ਚ ਯੋਗਦਾਨ ਦੇਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।