ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਪ੍ਰਬੰਧ ਸੰਭਾਲਣ ਪਿਛੋਂ ਵਧਿਆ ਟਕਰਾਅ
Wednesday, Feb 22, 2023 - 11:46 AM (IST)

ਕੁਰੂਕਸ਼ੇਤਰ (ਧਮੀਜਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਤੋਂ ਹੀ ਵਿਵਾਦ ਵਧਦਾ ਜਾ ਰਿਹਾ ਹੈ। ਸੋਮਵਾਰ ਐੱਚ. ਐੱਸ. ਜੀ. ਪੀ. ਸੀ. ਅਤੇ ਐੱਸ. ਜੀ. ਪੀ. ਸੀ. ਦੇ ਸਮਰਥਕਾਂ ਵਿਚਾਲੇ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਐੱਸ. ਜੀ. ਪੀ. ਸੀ. ਦੇ 8 ਸਮਰਥਕਾਂ ਨੂੰ ਹਿਰਾਸਤ ਵਿਚ ਲੈ ਲਿਆ। ਦੂਜੇ ਪਾਸੇ ਮੰਗਲਵਾਰ ਵੱਡੀ ਗਿਣਤੀ ’ਚ ਐੱਸ. ਜੀ. ਪੀ. ਸੀ. ਦੇ ਸਮਰਥਕ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਜੀ.ਟੀ. ਪਿੱਪਲੀ ਦੇ ਚਿੜੀਆ ਘਰ ਦੇ ਸਾਹਮਣੇ ਸੜਕ ’ਤੇ ਇਕੱਠੇ ਹੋ ਗਏ। ਟਕਰਾਅ ਦੇ ਹੁਕਮਾਂ ਕਾਰਨ ਪੁਲਸ ਪ੍ਰਸ਼ਾਸਨ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿੱਚ ਸੁਰੱਖਿਆ ਵਧਾ ਦਿੱਤੀ। ਗੁਰਦੁਆਰੇ ਦੇ ਬਾਹਰ ਅਤੇ ਅੰਦਰ ਵੱਖ-ਵੱਖ ਥਾਵਾਂ 'ਤੇ ਪੁਲਸ ਨੂੰ ਤਾਇਨਾਤ ਕਰ ਕੇ ਬੈਰੀਕੇਡ ਲਾਏ ਗਏ।
ਇਹ ਵੀ ਪੜ੍ਹੋ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਨਾਢਾ ਸਾਹਿਬ ਦੀ ਸੰਭਾਲੀ ਕਮਾਨ
ਦੂਜੇ ਪਾਸੇ ਪਿਪਲੀ ਚਿੜੀਆਘਰ ਦੇ ਸਾਹਮਣੇ ਇਕੱਠੇ ਹੋਏ ਸਮਰਥਕਾਂ ਨੂੰ ਪੁਲਸ ਪ੍ਰਸ਼ਾਸਨ ਨੇ ਰੋਕ ਲਿਆ ਜਿਸ ’ਤੇ ਐੱਸ.ਜੀ.ਪੀ.ਸੀ. ਸਮਰਥਕਾਂ ਨੇ ਛੋਟੇ ਚਿੜੀਆਘਰ ਦੇ ਸਾਹਮਣੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵੋਟਾਂ ਦੀ ਰਾਜਨੀਤੀ ਕਰ ਰਹੀ ਹੈ। ਸਿੱਖ ਸੰਗਤ ਵੱਲੋਂ ਗੁਰੂਘਰ ਦੀਆਂ ਗੋਲਕਾਂ ਦੇ ਤਾਲੇ ਤੋੜਨ ਦਾ ਵਿਰੋਧ ਕੀਤਾ ਗਿਆ ਹੈ। ਐੱਸ. ਜੀ. ਪੀ. ਸੀ. ਦੇ ਸਮਰਥਕਾਂ ਨੂੰ ਤਾਂ ਫੜ ਲਿਆ ਗਿਆ ਪਰ ਤਾਲੇ ਤੋੜਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਐੱਸ. ਜੀ. ਪੀ. ਸੀ. ਦਾ ਵਫਦ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਐੱਸ. ਪੀ ਸੁਰਿੰਦਰ ਸਿੰਘ ਭੌਰੀਆ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ। ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ, ਅੰਬਾਲਾ ਜ਼ਿਲ੍ਹਾ ਦੇ ਪ੍ਰਧਾਨ ਅਮਰਜੀਤ ਸਿੰਘ ਮੋਹਾੜੀ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ, ਸ਼ਸ਼ੀ ਕੌਰ ਤੇ ਸਿਮਰਨਜੀਤ ਸਿੰਘ ਕੰਗ ਸ਼ਾਮਲ ਸਨ। ਐੱਸ.ਪੀ. ਨਾਲ ਮੁਲਾਕਾਤ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਭ ਕੁਝ ਸਰਕਾਰ ਦੀ ਸ਼ਹਿ ’ਤੇ ਹੋ ਰਿਹਾ ਹੈ | ਤਾਲੇ ਤੋੜੇ ਜਾ ਰਹੇ ਹਨ ਅਤੇ ਗੁਰੂ ਘਰ ਦੀ ਬੇਅਦਬੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਦੂਜੇ ਪਾਸੇ ਜਰਨੈਲ ਸਿੰਘ ਨੇ ਕੰਵਲਜੀਤ ਸਿੰਘ ਅਜਰਾਣਾ, ਬਲਜੀਤ ਸਿੰਘ ਦਾਦੂਵਾਲ ਸਮੇਤ ਕਰੀਬ 20 ਵਿਅਕਤੀਆਂ ’ਤੇ ਕਾਤਲਾਨਾ ਹਮਲਾ ਕਰਨ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ