ਟਰੰਪ ਦੇ ਹਮਲਾਵਰ ਰੁਖ਼ ਨਾਲ ਕਿਵੇਂ ਨਜਿੱਠ ਰਹੇ ਹਨ PM ਮੋਦੀ

Sunday, Sep 07, 2025 - 12:00 AM (IST)

ਟਰੰਪ ਦੇ ਹਮਲਾਵਰ ਰੁਖ਼ ਨਾਲ ਕਿਵੇਂ ਨਜਿੱਠ ਰਹੇ ਹਨ PM ਮੋਦੀ

ਨੈਸ਼ਨਲ ਡੈਸਕ- ਜਿਉਂ-ਜਿਉਂ ਟਰੰਪ ਦਬਾਅ ਵਧਾ ਰਹੇ ਹਨ (50% ਟੈਰਿਫ ਲਗਾ ਰਹੇ ਹਨ, ਐੱਚ-1ਬੀ ਵੀਜ਼ਾ ਨੂੰ ਸਖ਼ਤ ਕਰ ਰਹੇ ਹਨ ਅਤੇ ਇਥੋਂ ਤੱਕ ਕਿ ਵਿਦੇਸ਼ੀ ਧੰਨ ਭੇਜਣ ’ਤੇ ਟੈਰਿਫ ਲਗਾਉਣ ਦਾ ਪ੍ਰਸਤਾਵ ਵੀ ਦੇ ਰਹੇ ਹਨ) ਨਵੀਂ ਦਿੱਲੀ ਨੇ ਜਨਤਕ ਟਕਰਾਅ ਦੀ ਬਜਾਏ ਚੁੱਪ ਵਿਰੋਧ ਦਾ ਰਸਤਾ ਚੁਣਿਆ ਹੈ। ਇਸ ਠੰਢੇ ਮਾਹੌਲ ਦੇ ਬਾਵਜੂਦ, ਭਾਰਤੀ ਅਧਿਕਾਰੀ ਇਸ ਗੱਲ ਉਤੇ ਜ਼ੋਰ ਦੇ ਰਹੇ ਹਨ ਕਿ ‘ਗੱਲਬਾਤ ਦੇ ਰਸਤੇ ਖੁੱਲ੍ਹੇ ਹਨ’ ਅਤੇ ਵਪਾਰਕ ਗੱਲਬਾਤ ਲੀਹ ’ਤੇ ਹੈ।

ਟਰੰਪ ਅਤੇ ਉਨ੍ਹਾਂ ਦੀ ਟੀਮ ਦੀਆਂ ਸਭ ਤੋਂ ਭੈੜੀਆਂ ਟਿੱਪਣੀਆਂ ਦੇ ਬਾਵਜੂਦ, ਨਵੀਂ ਦਿੱਲੀ ਮੋਟੇ ਤੌਰ ’ਤੇ ਵਿਵਾਦਾਂ ’ਤੇ ਸਪੱਸ਼ਟ ਤੌਰ ’ਤੇ ਚੁੱਪ ਰਹੀ ਹੈ। ਇਸਦੇ ਉਲਟ ਭਾਰਤ ਨੇ ਵਾਸ਼ਿੰਗਟਨ ਤੱਕ ਆਪਣੀ ਪਹੁੰਚ ਵਧਾ ਦਿੱਤੀ ਹੈ - ਟਰੰਪ ਦੇ ਸਲਾਹਕਾਰਾਂ, ਕਾਂਗਰਸ ਦੇ ਨੇਤਾਵਾਂ ਅਤੇ ਉਦਯੋਗ ਲਾਬੀ ਨਾਲ ਜੁੜਨ ਲਈ ਇਕ ਦੂਜੀ ਹਾਈ-ਪ੍ਰੋਫਾਈਲ ਲਾਬਿੰਗ ਫਰਮ ਨੂੰ ਨਿਯੁਕਤ ਕੀਤਾ ਹੈ।

ਇਸ ਦਾ ਟੀਚਾ ਟੈਰਿਫ ਬਿਆਨਬਾਜ਼ੀ ਨੂੰ ਘਟਾਉਣਾ ਅਤੇ ਸਬੰਧਾਂ ਨੂੰ ਇਕ ਰਣਨੀਤਕ ਭਾਈਵਾਲੀ ਦੇ ਰੂਪ ਵਿਚ ਢਾਲਣਾ ਹੈ, ਨਾ ਕਿ ਇਕ ਲੈਣ-ਦੇਣ ਵਾਲੀ ਭਾਈਵਾਲੀ ਦੇ ਰੂਪ ਵਿਚ । ਕਿਹਾ ਜਾ ਰਿਹਾ ਹੈ ਕਿ ਪਰਦੇ ਦੇ ਪਿੱਛੇ, ਭਾਰਤ ਟਰੰਪ ਦੇ ਸਖ਼ਤ ਰੁਖ਼ ਨੂੰ ਕਮਜ਼ੋਰ ਕਰਨ ਲਈ ਅਮਰੀਕੀ ਕਾਰਪੋਰੇਟ ਨੇਤਾਵਾਂ ਅਤੇ ਕਾਂਗਰਸ ਦੇ ਸਹਿਯੋਗੀਆਂ ਦੀ ਪੈਰਵੀ ਕਰ ਰਿਹਾ ਹੈ।

ਮੋਦੀ ਦਾ ਨਜ਼ਰੀਆ ਸਪੱਸ਼ਟ ਹੈ-ਗੱਲਬਾਤ ਕਰਦੇ ਰਹੋ, ਸ਼ਾਂਤ ਰਹੋ ਅਤੇ ਤੂਫ਼ਾਨ ਦੇ ਟਲਣ ਦੀ ਉਡੀਕ ਕਰੋ ਅਤੇ ਨਾਲ ਹੀ ਇਹ ਵੀ ਜ਼ੋਰ ਦੇ ਕੇ ਕਹਿ ਰਹੇ ਹਨ ਕਿ ਭਾਰਤ ਦਬਾਅ ਅੱਗੇ ਨਹੀਂ ਝੁਕੇਗਾ। ਇਸ ਦੇ ਨਾਲ ਹੀ, ਭਾਰਤ ਚੀਨ ਨਾਲ ਆਪਣੇ ਸਬੰਧਾਂ ਨੂੰ ਆਮ ਬਣਾਉਣ ਦੀ ਪ੍ਰਕਿਰਿਆ ’ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪੁਤਿਨ ਦੇ ਨਾਲ ਜੱਫੀ, ਕਾਰ ਪੂਲ ਅਤੇ ਜੀਵੰਤ ਚਰਚਾਵਾਂ ਨੇ ਰੂਸ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਦਾ ਸਪੱਸ਼ਟ ਸੰਕੇਤ ਦਿੱਤਾ। ਇਸ ਨਾਲ ਅਮਰੀਕਾ ਵਿਚ ਸੰਕਟ ਪੈਦਾ ਹੋ ਗਿਆ ਕਿਉਂਕਿ ਰਿਪਬਲਿਕਨ ਅਤੇ ਡੈਮੋਕਰੇਟ ਦੋਵਾਂ ਨੇ ਭਾਰਤ ਵਰਗੇ ਦੋਸਤ ਨੂੰ ਗੁਆਉਣ ਲਈ ਟਰੰਪ ਦੀ ਆਲੋਚਨਾ ਕੀਤੀ।

ਇਸ ਹਫਤੇ ਦੇ ਅਖੀਰ ਵਿਚ ਇਕ ਵੱਡਾ ਫਾਇਦਾ ਉਦੋਂ ਹੋਇਆ ਜਦੋਂ ਟਰੰਪ ਨੇ ਸ਼ੁੱਕਰਵਾਰ ਨੂੰ ਪਲਟੀ ਮਾਰਦਿਆਂ ਕਿਹਾ ਕਿ ਭਾਰਤ-ਅਮਰੀਕਾ ਦੇ ਦਰਮਿਅਾਨ ਇਕ ‘ਬੇਹੱਦ ਖਾਸ ਰਿਸ਼ਤਾ’ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਅਤੇ ਪ੍ਰਧਾਨ ਮੰਤਰੀ ਮੋਦੀ ‘ਹਮੇਸ਼ਾ ਦੋਸਤ ਰਹਿਣਗੇ’। ਮੋਦੀ ਨੇ ਜਵਾਬ ਦਿੱਤਾ ਕਿ ਉਹ ‘ਉਨ੍ਹਾਂ ਦੀਆਂ ਭਾਵਨਾਵਾਂ ਦਾ ਪੂਰੀ ਤਰ੍ਹਾਂ ਸਨਮਾਨ ਕਰਦੇ ਹਨ’ ਅਤੇ ਦੋਵਾਂ ਦੇ ਦਰਮਿਆਨ ਇਕ ‘ਬੇਹੱਦ ਹਾਂਪੱਖੀ’ ਵਿਸ਼ਵ ਪੱਧਰੀ ਰਣਨੀਤਕ ਭਾਈਵਾਲੀ ਹੈ।

ਇਸ ਕਹਾਣੀ ’ਤੇ ਅੰਤਿਮ ਸ਼ਬਦ ਅਜੇ ਲਿਖਿਆ ਜਾਣਾ ਬਾਕੀ ਹੈ ਪਰ ਦੂਜਾ ਦੌਰ ਮੋਦੀ ਦੇ ਨਾਂ ਹੈ।


author

Rakesh

Content Editor

Related News