ਸੋਨਮ ਵਾਂਗਚੁਕ ਦੇ NGO ਦਾ ਲਾਈਸੈਂਸ ਰੱਦ, ਲੇਹ ਹਿੰਸਾ ਮਗਰੋਂ MHA ਦੀ ਕਾਰਵਾਈ
Thursday, Sep 25, 2025 - 08:43 PM (IST)

ਨੈਸ਼ਨਲ ਡੈਸਕ- ਕੇਂਦਰ ਸਰਕਾਰ ਨੇ ਸੋਨਮ ਵਾਂਗਚੁਕ ਦੇ ਐਨਜੀਓ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਇਹ ਕਾਰਵਾਈ ਲੇਹ ਹਿੰਸਾ ਤੋਂ ਬਾਅਦ ਕੀਤੀ। ਕੇਂਦਰ ਸਰਕਾਰ ਨੇ ਐਫਸੀਆਰਏ ਨਿਯਮਾਂ ਦੀ ਉਲੰਘਣਾ ਕਰਨ ਲਈ ਐਸਈਸੀਐਮਓਐਲ ਦੀ ਐਫਸੀਆਰਏ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ।
ਗ੍ਰਹਿ ਮੰਤਰਾਲੇ ਦੀ ਜਾਂਚ ਵਿੱਚ ਕਈ ਬੇਨਿਯਮੀਆਂ ਅਤੇ ਉਲੰਘਣਾਵਾਂ ਦਾ ਖੁਲਾਸਾ ਹੋਇਆ। ਸੋਨਮ ਵਾਂਗਚੁਕ ਦੇ ਸੰਗਠਨ 'ਤੇ ਵਿਦੇਸ਼ੀ ਦਾਨ ਅਤੇ ਫੰਡਿੰਗ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਅਤੇ ਐਫਸੀਆਰਏ ਦੀ ਪਾਲਣਾ ਨਾ ਕਰਨ ਦਾ ਦੋਸ਼ ਹੈ।
ਵਿਦੇਸ਼ੀ ਚੰਦੇ-ਪੈਸਿਆਂ ਦੀ ਜਾਣਕਾਰੀ ਨਹੀਂ
SECMOL ਨੇ 3.35 ਲੱਖ ਰੁਪਏ ਨੂੰ ਵਿਦੇਸ਼ੀ ਦਾਨ ਦਿਖਾਇਆ, ਜਦੋਂਕਿ ਬਾਅਦ 'ਚ ਕਿਹਾ ਕਿ ਇਹ ਰਕਮ ਪੁਰਾਣੀ ਬੱਸ ਵੇਚ ਕੇ ਮਿਲੀ ਸੀ ਪਰ ਇਹ ਪੈਸਾ ਨਾ ਤਾਂ FCRA ਖਾਤੇ 'ਚ ਦਿਸਿਆ ਅਤੇ ਨਾ ਹੀ ਸਹੀ ਤਰੀਕੇ ਨਾਲ ਖੁਲਾਸਾ ਕੀਤਾ ਗਿਆ। ਸਾਲ 2020-21 'ਚ 54,600 ਰੁਪਏ ਸਥਾਨਕ ਫੰਡ ਗਲਤੀ ਨਾਲ ਐੱਫ.ਸੀ.ਆਰ.ਏ. ਖਾਤੇ 'ਚ ਜਮ੍ਹਾ ਕਰ ਦਿੱਤੇ ਗਏ। ਸੰਸਥਾ ਨੇ ਮੰਨਿਆ ਕਿ ਇਹ ਭਾਰਤੀ ਵਾਲੰਟੀਅਰਜ਼ ਤੋਂ ਖਾਣਾ-ਰਹਿਣ ਦੇ ਖਰਚੇ ਲਈ ਲਿਆ ਗਿਆ ਸੀ ਪਰ ਗਲਤ ਖਾਤੇ 'ਚ ਚਲਾ ਗਿਆ।
ਉਥੇ ਹੀ ਇਕ ਵਿਦੇਸ਼ੀ ਸੰਸਥਾ ਤੋਂ 4.93 ਲੱਖ ਰੁਪਏ ਮਿਲੇ ਸਨ ਪਰ ਕੋਵਿਡ-19 ਲਾਕਡਾਊਨ ਕਾਰਨ ਪ੍ਰੋਗਰਾਮ ਨਾ ਹੋਣ 'ਤੇ ਪੈਸਾ ਵਾਪਸ ਕਰ ਦਿੱਤਾ ਗਿਆ। ਮੰਤਰਾਲਾ ਦਾ ਕਹਿਣਾ ਹੈ ਕਿ ਐੱਫ.ਸੀ.ਆਰ.ਏ. ਕਾਨੂੰਨ 'ਚ ਵਿਦੇਸ਼ੀ ਫੰਡ ਵਾਪਸ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਸੰਸਥਾ ਨੇ 2020-21 'ਚ 79,200 ਰੁਪਏ ਤਨਖਾਹ ਅਤੇ ਸਟਾਈਪੈਂਡ ਤੋਂ ਸਿੱਧਾ ਕੱਟ ਕੇ 'ਫੂਡ ਫੀਸ' ਦੇ ਤੌਰ 'ਤੇ ਦਿਖਾਇਆ। ਮੰਤਰਾਲਾ ਨੇ ਕਿਹਾ ਕਿ ਇਹ ਤਰੀਕਾ ਗਲਤ ਹੈ ਅਤੇ ਹਿਸਾਬ-ਕਿਤਾਬ ਪਾਰਦਰਸ਼ੀ ਨਹੀਂ ਹੈ।
FCRA ਦੀ ਧਾਰਾ ਦੀ ਉਲੰਘਣਾ
ਗ੍ਰਿਹ ਮੰਤਰਾਲਾ ਨੇ ਮੰਨਿਆ ਕਿ ਸੰਸਥਾ ਨੇ ਵਾਰ-ਵਾਰ ਐੱਫ.ਸੀ.ਆਰ.ਏ. ਦੀ ਧਾਰਾ 8(1)(a), 17, 18 ਅਤੇ 19 ਦੀ ਉਲੰਘਣਾ ਕੀਤੀ ਹੈ। ਇਸੇ ਕਾਰਨ ਸੰਸਥਾ ਦਾ ਐੱਫ.ਸੀ.ਆਰ.ਏ. ਰਜਿਸਟ੍ਰੇਸ਼ਨ ਰੱਦ ਕਰ ਦਿੱਤਾ ਗਿਆ ਹੈ। ਹੁਣ SECMOL ਨੂੰ ਵਿਦੇਸ਼ ਤੋਂ ਚੰਦਾ ਜਾਂ ਮਦਦ ਨਹੀਂ ਮਿਲ ਸਕੇਗੀ। ਸੰਸਥਾ ਨੂੰ ਆਪਣੇ ਕੰਮਕਾਜ ਲਈ ਸਿਰਫ ਸਥਾਨਕ ਫੰਡ ਅਤੇ ਭਾਰਤੀ ਸਰੋਤਾਂ ਤੋਂ ਹੀ ਪੈਸਾ ਇਕੱਠਾ ਕਰਨਾ ਪਵੇਗਾ।