ਹਿੰਦੂਤਵ, ਮੰਦਰ ਅਤੇ ਦੇਵਤਾ ਭਾਜਪਾ ਦੀ ਨਿੱਜੀ ਜਾਇਦਾਦ ਨਹੀਂ : ਸ਼ਿਵ ਕੁਮਾਰ

Monday, Jun 12, 2023 - 04:24 PM (IST)

ਉਜੈਨ, (ਭਾਸ਼ਾ)- ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵ ਕੁਮਾਰ ਐਤਵਾਰ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲੇਸ਼ਵਰ ਮੰਦਰ ’ਚ ਭਸਮ ਆਰਤੀ ’ਚ ਸ਼ਾਮਲ ਹੋਏ ਅਤੇ ਫਿਰ ਕਾਲਭੈਰਵ ਮੰਦਰ ’ਚ ਪੂਜਾ ਕੀਤੀ। ਸ਼ਿਵਕੁਮਾਰ ਨੇ ਕਿਹਾ ਕਿ ਹਿੰਦੂਤਵ, ਮੰਦਰ ਅਤੇ ਦੇਵਤਾ ਭਾਰਤੀ ਜਨਤਾ ਪਾਰਟੀ ਦੀ ਨਿੱਜੀ ਜਾਇਦਾਦ ਨਹੀਂ ਹਨ। ਉਨ੍ਹਾਂ ਨੇ ਸਾਲ ਦੇ ਅੰਤ ’ਚ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਸ਼ਾਨਦਾਰ ਜਿੱਤ ਦੀ ਭਵਿੱਖਵਾਣੀ ਕੀਤੀ।

61 ਸਾਲਾ ਸ਼ਿਵ ਕੁਮਾਰ ਸਵੇਰੇ 4 ਵਜੇ ਤੋਂ ਪਹਿਲਾਂ ਮਹਾਕਾਲੇਸ਼ਵਰ ਮੰਦਰ ਪੁੱਜੇ ਅਤੇ ਨੰਦੀ ਹਾਲ ’ਚ ਕੁਝ ਦੇਰ ਧਿਆਨ ਵੀ ਲਾਇਆ। ਮੰਦਰ ਜਾਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਹਿੰਦੂਤਵ, ਮੰਦਰ ਜਾਂ ਦੇਵਤਾ ਸਾਰਿਆਂ ਲਈ ਹਨ। ਅਸੀਂ ਸਮਾਜ ਦੇ ਹਰ ਵਰਗ, ਹਰ ਸੱਭਿਆਚਾਰ, ਦੇਸ਼ ਦੀ ਹਰ ਭਾਸ਼ਾ ਅਤੇ ਹਰ ਧਰਮ ’ਚ ਵਿਸ਼ਵਾਸ ਰੱਖਦੇ ਹਾਂ। ਇਹ ਤੀਜੀ ਜਾਂ ਚੌਥੀ ਵਾਰ ਹੈ, ਜਦੋਂ ਮੈਂ ਮਹਾਕਾਲੇਸ਼ਵਰ ਮੰਦਰ ਆ ਰਿਹਾ ਹਾਂ। ਮੈਂ ਆਪਣੇ ਔਖੇ ਸਮੇਂ ’ਚ ਵੀ ਇੱਥੇ ਆਇਆ ਸੀ। ਕਰਨਾਟਕ ਚੋਣਾਂ ਤੋਂ ਪਹਿਲਾਂ ਮੈਂ ਸੱਤਾ ਲਈ ਮਹਾਕਾਲੇਸ਼ਵਰ ਅਤੇ ਕਾਲ ਭੈਰਵ ਅੱਗੇ ਅਰਦਾਸ ਕੀਤੀ ਸੀ। ਹੁਣ ਸਾਨੂੰ ਕਰਨਾਟਕ ’ਚ ਸੱਤਾ ਮਿਲ ਗਈ ਹੈ।’’

ਸ਼ਿਵ ਕੁਮਾਰ ਨੇ ਭਰੋਸਾ ਪ੍ਰਗਟਾਇਆ ਕਿ ਕਾਂਗਰਸ ਨੂੰ 230 ਮੈਂਬਰੀ ਮੱਧ ਪ੍ਰਦੇਸ਼ ਵਿਧਾਨ ਸਭਾ ’ਚ ਉਨ੍ਹਾਂ ਦੀ ਪਾਰਟੀ ਵੱਲੋਂ ਕਰਨਾਟਕ ’ਚ ਜਿੱਤੀਆਂ ਗਈਆਂ 135 ਸੀਟਾਂ ਦੇ ਮੁਕਾਬਲੇ ਜ਼ਿਆਦਾ ਸੀਟਾਂ ਮਿਲਣਗੀਆਂ। ਸ਼ਿਵਕੁਮਾਰ ਨੇ ਕਿਹਾ ਕਿ ਮੱਧ ਪ੍ਰਦੇਸ਼ ਚੋਣਾਂ ਲਈ ਕਾਂਗਰਸ ਦੀ ਰਣਨੀਤੀ ਤਿਆਰ ਹੈ।


Rakesh

Content Editor

Related News