ਪਹਾੜੀ ਇਲਾਕਿਆਂ ''ਚ ਵਧੀ ਠੰਡ, ਜਾਣੋ ਹਿਮਾਚਲ ''ਚ ਕਿਵੇਂ ਦਾ ਰਹੇਗਾ ਮੌਸਮ

Sunday, Sep 15, 2024 - 03:19 PM (IST)

ਪਹਾੜੀ ਇਲਾਕਿਆਂ ''ਚ ਵਧੀ ਠੰਡ, ਜਾਣੋ ਹਿਮਾਚਲ ''ਚ ਕਿਵੇਂ ਦਾ ਰਹੇਗਾ ਮੌਸਮ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਬਦਲੇ ਮੌਸਮ ਦੌਰਾਨ ਲਾਹੌਲ-ਕਿਨੌਰ ਦੀਆਂ ਚੋਟੀਆਂ ਬਰਫ ਨਾਲ ਸਫੈਦ ਹੋ ਗਈਆਂ ਹਨ। ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਨੌਂ ਘੰਟੇ ਲਈ ਬੰਦ ਰਿਹਾ। ਮੰਡੀ 'ਚ ਨੌਂ ਮੀਲ ਨੇੜੇ ਇਕ ਥਾਰ ਮਲਬੇ ਦੀ ਲਪੇਟ 'ਚ ਆ ਗਈ, ਜਿਸ ਕਾਰਨ  ਪਿਓ-ਪੁੱਤ ਨੇ ਭੱਜ ਕੇ ਆਪਣੀ ਜਾਨ ਬਚਾਈ। ਮੰਡੀ-ਪੰਡੋਹ ਸੜਕ ’ਤੇ ਦੋਵੇਂ ਪਾਸੇ ਕਰੀਬ 5 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਇਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਿਨੌਰ ਦੇ ਮਲਿੰਗ ਵਿਚ 18 ਘੰਟੇ ਅਤੇ ਨਿਗੁਲਸਾਰੀ 'ਚ 14 ਘੰਟਿਆਂ ਬਾਅਦ ਨੈਸ਼ਨਲ ਨੂੰ ਬਹਾਲ ਕੀਤਾ ਜਾ ਸਕਿਆ। 

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਐਤਵਾਰ ਤੋਂ ਹਲਕੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ 20 ਸਤੰਬਰ ਤੱਕ ਸੂਬੇ 'ਚ ਕੁਝ ਥਾਵਾਂ 'ਤੇ ਮੀਂਹ ਪੈਣਾ ਜਾਰੀ ਰਹੇਗਾ। ਦੱਸ ਦਈਏ ਕਿ ਸੂਬੇ ਦੇ ਉੱਚਾਈ ਵਾਲੇ ਇਲਾਕਿਆਂ 'ਚ ਵੀ ਠੰਡ ਵਧ ਗਈ ਹੈ। ਸ਼ੁੱਕਰਵਾਰ ਰਾਤ ਪ੍ਰਦੇਸ਼ ਦੇ ਕਈ ਖੇਤਰਾਂ 'ਚ ਬੱਦਲ ਵਰ੍ਹੇ। ਸ਼ਿਮਲਾ ਵਿਚ 50, ਧਰਮਸ਼ਾਲਾ ਵਿਚ 53, ਪਾਲਮਪੁਰ ਵਿਚ 68, ਸੋਲਨ ਵਿਚ 22, ਮਨਾਲੀ ਵਿਚ 28, ਕਾਂਗੜਾ ਵਿਚ 46, ਮੰਡੀ ਵਿਚ 58 ਅਤੇ ਪਾਊਂਟਾ ਸਾਹਿਬ ਵਿਚ 20 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਲਾਹੌਲ ਦੀ ਚੋਟੀਆਂ 'ਤੇ ਸ਼ੁੱਕਰਵਾਰ ਰਾਤ ਬਰਫ਼ਬਾਰੀ ਹੋਈ। ਕੁੱਲੂ ਵਿਚ ਰਾਤ ਭਰ ਮੀਂਹ ਦਾ ਦੌਰ ਜਾਰੀ ਰਿਹਾ। ਲਾਹੌਲ ਘਾਟੀ ਵਿਚ ਹੁਣ ਠੰਡ ਵੱਧ ਗਈ ਹੈ। ਰੋਹਤਾਂਗ ਦਰਰੇ ਨਾਲ ਸ਼ਿੰਕੁਲਾ, ਹਨੂਮਾਨ ਟਿੱਬਾ, ਲੱਦਾਖੀ ਪੀਕ ਦੇ ਨਾਲ-ਨਾਲ ਬਾਰਾਲਾਚਾ ਦਰਰਾ ਵਿਚ ਵੀ ਬਰਫ਼ਬਾਰੀ ਹੋਈ ਹੈ। 

ਸ਼ਨੀਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਮੌਸਮ ਸਾਫ ਰਿਹਾ। ਸ਼ੁੱਕਰਵਾਰ ਰਾਤ ਨੂੰ ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ, ਧਰਮਸ਼ਾਲਾ 'ਚ 16.0, ਊਨਾ 'ਚ 22.4, ਨਾਹਨ 'ਚ 21.1, ਸੋਲਨ 'ਚ 17.5, ਮਨਾਲੀ 'ਚ 15.1, ਕਾਂਗੜਾ 'ਚ 18.6, ਮੰਡੀ 'ਚ 20.0 ਅਤੇ ਬਿਲਾਸਪੁਰ 'ਚ 20.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ 'ਚ 41 ਸੜਕਾਂ ਅਤੇ 53 ਬਿਜਲੀ ਟਰਾਂਸਫਾਰਮਰ ਠੱਪ ਰਹੇ। ਸ਼ਿਮਲਾ ਅਤੇ ਮੰਡੀ ਜ਼ਿਲ੍ਹਿਆਂ ਵਿਚ ਜ਼ਿਆਦਾ ਸਮੱਸਿਆ ਹੈ।


author

Tanu

Content Editor

Related News