ਹਿਮਾਚਲ ਵਿਧਾਨ ਸਭਾ ''ਚ ਕਾਂਗਰਸ ਦਾ ਬਾਇਕਾਟ, ਜੈਰਾਮ ਠਾਕੁਰ ਬੋਲੇ- ਰਾਜਪਾਲ ਨਾਲ ਧੱਕਾ-ਮੁੱਕੀ ਅਪਰਾਧ

Tuesday, Mar 02, 2021 - 05:51 PM (IST)

ਹਿਮਾਚਲ ਵਿਧਾਨ ਸਭਾ ''ਚ ਕਾਂਗਰਸ ਦਾ ਬਾਇਕਾਟ, ਜੈਰਾਮ ਠਾਕੁਰ ਬੋਲੇ- ਰਾਜਪਾਲ ਨਾਲ ਧੱਕਾ-ਮੁੱਕੀ ਅਪਰਾਧ

ਸ਼ਿਮਲਾ- ਕਾਂਗਰਸ ਨੇ ਮੰਗਲਵਾਰ ਨੂੰ ਆਪਣੇ 5 ਵਿਧਾਇਕਾਂ ਦੇ ਮੁਅੱਤਲ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਵਾਕਆਊਟ ਕੀਤਾ, ਜਿਸ ਦਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵਿਰੋਧ ਕੀਤਾ। ਠਾਕੁਰ ਨੇ ਕਿਹਾ ਕਿ ਰਾਜਪਾਲ ਨਾਲ ਧੱਕਾ-ਮੁੱਕੀ ਕਰਨਾ ਇਕ ਅਪਰਾਧ ਹੈ। ਦੱਸਣਯੋਗ ਹੈ ਕਿ ਰਾਜਪਾਲ ਬੰਡਾਰੂ ਦੱਤਾਤ੍ਰੇਯ ਨਾਲ ਧੱਕਾ-ਮੁੱਕੀ ਕਰਨ ਲਈ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਅਤੇ ਚਾਰ ਹੋਰ ਕਾਂਗਰਸ ਵਿਧਾਇਕਾਂ ਹਰਸ਼ਵਰਧਨ ਚੌਹਾਨ, ਸਤਪਾਲ ਰਾਇਜਾਦਾ, ਸੁੰਦਰ ਸਿੰਘ ਅਤੇ ਵਿਨੇ ਕੁਮਾਰ ਨੂੰ ਸ਼ੁੱਕਰਵਾਰ ਨੂੰ 20 ਮਾਰਚ ਤੱਕ ਵਿਧਾਨ ਸਭਾ ਦੇ ਪੂਰੇ ਬਜਟ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ। ਵਿਧਾਨ ਸਭਾ ਸਪੀਕਰ ਦੇ ਦਫ਼ਤਰ ਦੇ ਬਾਹਰ ਕਥਿਤ ਘਟਨਾ ਉਦੋਂ ਹੋਈ ਸੀ, ਜਦੋਂ ਰਾਜਪਾਲ ਬਜਟ ਸੈਸ਼ਨ ਦੇ ਪਹਿਲੇ ਦਿਨ ਸਦਨ 'ਚ ਆਪਣਾ ਭਾਸ਼ਣ ਦੇਣ ਤੋਂ ਬਾਅਦ ਰਾਜ ਭਵਨ ਲਈ ਰਵਾਨਾ ਹੋ ਰਹੇ ਸਨ। ਸੈਸ਼ਨ ਤੋਂ ਪਹਿਲਾਂ ਹੋਏ ਹੰਗਾਮੇ ਤੋਂ ਬਾਅਦ ਰਾਜਪਾਲ ਨੇ ਆਪਣੇ ਭਾਸ਼ਣ ਨੂੰ ਪੂਰਾ ਨਹੀਂ ਪੜ੍ਹਿਆ ਸੀ ਅਤੇ ਉਨ੍ਹਾਂ ਦਾ ਬਾਕੀ ਭਾਸ਼ਣ ਪੜ੍ਹਿਆ ਹੋਇਆ ਮੰਨ ਲਿਆ ਗਿਆ। ਸਪੀਕਰ ਵਿਪਿਨ ਪਰਮਾਰ ਨੇ ਇਸ ਸੰਬੰਧ 'ਚ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ਹਿਮਾਚਲ: ਵਿਧਾਨ ਸਭਾ ਦੇ ਬਾਹਰ ਬਜਟ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ

ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਰਾਜ ਵਿਧਾਨ ਸਭਾ 'ਚ ਇਕ ਧਿਆਨ ਆਕਰਸ਼ਨ ਪ੍ਰਸਤਾਵ ਪੇਸ਼ ਕੀਤਾ, ਜਿਸ 'ਚ ਮੰਗ ਕੀਤੀ ਗਈ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਦਾ ਮੁਅੱਤਲ ਰੱਦ ਕੀਤਾ ਜਾਵੇ। ਉਨ੍ਹਾਂ ਨੇ ਆਪਣੀ ਪਾਰਟੀ ਦੇ ਵਿਧਾਇਕਾਂ 'ਤੇ ਲੱਗੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਸਦਨ ਦੇ ਉੱਪ ਪ੍ਰਧਾਨ ਹੰਸਰਾਜ ਅਤੇ ਸੰਸਦੀ ਕਾਰਜ ਮੰਤਰੀ ਸੁਰੇਸ਼ ਭਾਰਦਵਾਜ ਨੇ ਸ਼ੁੱਕਰਵਾਰ ਨੂੰ ਕਾਂਗਰਸ ਵਿਧਾਇਕਾਂ ਨਾਲ ਹੱਥੋਪਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਮੁਅੱਤਲ ਰੱਦ ਨਹੀਂ ਕੀਤਾ ਜਾਂਦਾ ਹੈ ਤਾਂ ਸਦਨ ਦੀ ਕਾਰਵਾਈ ਚਲਣ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਰਾਜਪਾਲ ਨਾਲ ਧੱਕਾ-ਮੁੱਕੀ ਕਰਨਾ ਇਕ ਅਪਰਾਧ ਹੈ ਅਤੇ ਅਸਹਿਣਯੋਗ ਘਟਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਪੂਰੇ ਮਾਮਲੇ ਨੂੰ ਕਈ ਕੈਮਰਿਆਂ ਵਲੋਂ ਕੈਦ ਕੀਤਾ ਗਿਆ ਹੈ। ਠਾਕੁਰ ਨੇ ਕਿਹਾ ਕਿ ਕਾਂਗਰਸ ਅਜਿਹੀਆਂ ਹਰਕਤਾਂ ਇਸ ਲਈ ਕਰ ਰਹੀ ਹੈ ਕਿ ਕਿਉਂਕਿ ਉਹ ਸਿਆਸੀ ਆਧਾਰ ਗਵਾ ਚੁਕੀ ਹੈ। ਇਸ ਵਿਚ, ਮੁਅੱਤਲ ਕਾਂਗਰਸ ਵਿਧਾਇਕਾਂ ਨੇ ਆਪਣੇ ਵਿਰੁੱਧ ਦਰਜ ਸ਼ਿਕਾਇਤ ਵਿਰੁੱਧ ਲਗਾਤਾਰ ਦੂਜੇ ਦਿਨ ਵਿਧਾਨ ਸਭਾ ਦੇ ਬਾਹਰ ਧਰਨਾ ਜਾਰੀ ਰੱਖਿਆ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਮੁਅੱਤਲ ਕਾਂਗਰਸ ਵਿਧਾਇਕ ਸਦਨ ਦੇ ਬਾਹਰ ਧਰਨੇ 'ਤੇ ਬੈਠੇ


author

DIsha

Content Editor

Related News