ਸਾਊਦੀ ਅਰਬ ''ਚ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਦੀ ਕੋਰੋਨਾ ਨਾਲ ਮੌਤ
Monday, Jun 08, 2020 - 06:53 PM (IST)
ਸ਼ਿਮਲਾ (ਵਾਰਤਾ)— ਕੋਰੋਨਾ ਵਾਇਰਸ ਲਗਾਤਾਰ ਜਾਨਲੇਵਾ ਬਣਦਾ ਜਾ ਰਿਹਾ ਹੈ। ਦੇਸ਼ 'ਚ ਵਾਇਰਸ ਕਾਰਨ ਹਾਲਾਤ ਦਿਨੋਂ-ਦਿਨ ਚਿੰਤਾਜਨਕ ਹੁੰਦੇ ਜਾ ਰਹੇ ਹਨ। ਦੁਨੀਆ ਭਰ 'ਚ ਵੀ ਵਾਇਰਸ ਨੇ ਜਾਨਲੇਵਾ ਰੂਪ ਧਾਰਿਆ ਹੋਇਆ ਹੈ। ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ 'ਚ ਮੰਡੀ ਜ਼ਿਲੇ ਦੇ ਸਰਕਾਘਾਟ ਸਬ-ਡਵੀਜ਼ਨ ਦੇ ਇਕ ਨੌਜਵਾਨ ਦੀ ਸਾਊਦੀ ਅਰਬ ਦੇ ਦਮਨ 'ਚ ਕੋਰੋਨਾ ਨਾਲ ਮੌਤ ਹੋ ਗਈ। ਨੌਜਵਾਨ ਨੂੰ 5 ਦਿਨ ਪਹਿਲਾਂ ਕੋਰੋਨਾ ਵਾਇਰਸ ਹੋਇਆ ਸੀ ਅਤੇ ਉੱਥੋਂ ਦੇ ਸੈਂਟਰਲ ਹਸਪਤਾਲ ਵਿਚ ਵੈਂਟੀਲੇਟਰ 'ਤੇ ਸੀ। ਉਸ ਦੀ ਅੱਜ ਸਵੇਰੇ ਮੌਤ ਹੋ ਗਈ। ਸਾਊਦੀ ਅਰਬ ਤੋਂ ਸੈਂਟਰਲ ਹਸਪਤਾਲ ਦੇ ਸੀਨੀਅਰ ਡਾਕਟਰ ਅਹਿਮਦ ਨੇ ਸੁਰੇਸ਼ ਕੁਮਾਰ ਨਾਂ ਦੇ ਨੌਜਵਾਨ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।
ਪਰਿਵਾਰ ਵਾਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਰੇਸ਼ ਪਿਛਲੇ 8 ਸਾਲ ਤੋਂ ਸਾਊਦੀ ਅਰਬ ਦੇ ਦਮਨ ਵਿਚ ਪ੍ਰਿੰਟਿੰਗ ਪ੍ਰੈੱਸ 'ਚ ਕੰਮ ਕਰਦਾ ਸੀ। ਪਿਛਲੇ 4 ਦਿਨਾਂ ਤੋਂ ਫੋਨ 'ਤੇ ਗੱਲ ਨਾ ਹੋਣ ਕਾਰਨ ਪਰਿਵਾਰ ਨੇ ਸਮਾਜਸੇਵੀ ਚੰਦਰ ਮੋਹਨ ਸ਼ਰਮਾ ਨੂੰ ਇਸ ਬਾਰੇ ਸੂਚਨਾ ਦਿੱਤੀ। ਜਿਨ੍ਹਾਂ ਨੇ ਦੂਤਘਰ ਅਤੇ ਹੋਟਲ ਸਟਾਫ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮੈਨੇਜਰ ਅਹਿਮਦ ਦਮਾਮ ਨੇ ਉੱਥੋਂ ਸੂਚਨਾ ਦਿੱਤੀ ਕਿ ਅੱਜ ਸਵੇਰੇ ਸੁਰੇਸ਼ ਕੁਮਾਰ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਪਰਿਵਾਰ ਵਾਲਿਆਂ ਨੇ ਇਸ ਘਟਨਾ ਨੂੰ ਲੈ ਕੇ ਪਰੇਸ਼ਾਨ ਹੈ। ਓਧਰ ਸਰਕਾਘਾਟ ਦੇ ਐੱਸ. ਡੀ. ਐੱਮ. ਜ਼ਫਰ ਇਕਬਾਲ ਨੇ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕ ਪਰਿਵਾਰ ਤੋਂ ਸੂਚਨਾ ਮਿਲੀ ਹੈ ਅਤੇ ਅਧਿਕਾਰਤ ਪੁਸ਼ਟੀ ਕੀਤੀ ਜਾ ਰਹੀ ਹੈ।