ਦਰਦਨਾਕ ਹਾਦਸਾ : ਬਾਥਰੂਮ ਕੋਲ ਖੇਡ ਰਹੇ ਜੁੜਵਾ ਭਰਾਵਾਂ ''ਚੋਂ ਇਕ ਦੀ ਪਾਣੀ ਦੀ ਬਾਲਟੀ ''ਚ ਡੁੱਬਣ ਨਾਲ ਮੌਤ

10/15/2020 4:52:46 PM

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹਾ 'ਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਸਾਲਾ ਬੱਚੇ ਦੀ ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ ਦੀ ਹੈ। ਮੰਡੀ ਦੇ ਗੋਹਰ ਖੇਤਰ 'ਚ ਜੁੜਵਾ ਭਰਾ ਆਪਸ 'ਚ ਖੇਡ ਰਹੇ ਸਨ। ਦਾਦੀ ਜਿਵੇਂ ਹੀ ਬੱਚਿਆਂ ਲਈ ਦੁੱਧ ਲੈਣ ਰਸੋਈ ਘਰ 'ਚ ਗਈ, ਬੱਚੇ ਖੇਡਦੇ-ਖੇਡਦੇ ਬਾਥਰੂਮ 'ਚ ਰੱਖੀ ਪਾਣੀ ਦੀ ਬਾਲਟੀ ਨੇੜੇ ਪਹੁੰਚ ਗਏ। ਅਚਾਨਕ ਸੰਤੁਲਨ ਵਿਗੜਨ ਨਾਲ ਇਕ ਬੱਚਾ ਬਾਲਟੀ 'ਚ ਡਿੱਗ ਗਿਆ। ਜਦੋਂ ਤੱਕ ਦਾਦੀ ਬੱਚਿਆਂ ਕੋਲ ਪਹੁੰਚੀ, ਉਦੋਂ ਤੱਕ ਬੱਚੇ ਦੀ ਮੌਤ ਹੋ ਚੁਕੀ ਸੀ।

ਜਲਦੀ 'ਚ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬੱਚੇ ਦੀ ਮੌਤ ਦੀ ਖ਼ਬਰ ਸੁਣਦੇ ਹੀ ਖੇਤਰ 'ਚ ਸੋਗ ਦੀ ਲਹਿਰ ਦੌੜ ਪਈ। ਦੱਸਣਯੋਗ ਹੈ ਕਿ ਦੋਵੇਂ ਬੱਚੇ ਆਪਣੇ ਦਾਦਾ-ਦਾਦੀ ਕੋਲ ਰਹਿੰਦੇ ਹਨ। ਬੱਚਿਆਂ ਦੇ ਮਾਤਾ-ਪਿਤਾ ਕਿਤੇ ਨੌਕਰੀ ਕਰਦੇ ਹਨ। ਮ੍ਰਿਤਕ ਬੱਚੇ ਦੀ ਪਛਾਣ ਪਾਰਸ ਸ਼ਰਮਾ ਪੁੱਤਰ ਦੇਸ ਰਾਜ ਸ਼ਰਮਾ ਦੇ ਰੂਪ 'ਚ ਹੋਈ ਹੈ। ਐੱਸ.ਪੀ. ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਇਕ ਸਾਲਾ ਬੱਚੇ ਦੀ ਮੌਤ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ।


DIsha

Content Editor

Related News