ਹਿਮਾਚਲ ''ਚ ਕੋਰੋਨਾ ਨਾਲ ਤਿੰਨ ਹੋਰ ਲੋਕਾਂ ਦੀ ਮੌਤ, ਮ੍ਰਿਤਕਾਂ ਦਾ ਅੰਕੜਾ 47 ਹੋਇਆ
Friday, Sep 04, 2020 - 04:30 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋਣ ਨਾਲ ਸੂਬੇ 'ਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 47 ਹੋ ਗਈ ਹੈ। ਸਿਰਮੌਰ ਜ਼ਿਲ੍ਹਾ ਮੁੱਖ ਮੈਡੀਕਲ ਅਧਿਕਾਰੀ ਕੇ.ਕੇ. ਪਰਾਸ਼ਰ ਨੇ ਦੱਸਿਆ ਕਿ ਨਾਹਨ ਸਥਿਤ ਡਾ. ਵਾਈ.ਐੱਸ. ਪਰਮਾਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਕੋਰੋਨਾ ਪੀੜਤ 70 ਸਾਲਾ ਇਕ ਬੀਬੀ ਨੇ ਦਮ ਤੋੜਿਆ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ। ਬੀਬੀ ਸ਼ੂਗਰ ਅਤੇ ਤਣਾਅ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਪੀੜਤ ਸੀ। ਇਸ ਤੋਂ ਪਹਿਲਾਂ ਦੇਰ ਸ਼ਾਮ ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ 'ਚ ਕੋਰੋਨਾ ਪੀੜਤ 2 ਲੋਕਾਂ ਦੀ ਮੌਤ ਹੋ ਗਈ।
ਜ਼ਿਲ੍ਹਾ ਸਿਹਤ ਅਧਿਕਾਰੀ ਸੋਲਨ ਡਾ. ਐੱਨ.ਕੇ. ਗੁਪਤਾ ਨੇ ਕੋਰੋਨਾ ਨਾਲ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮਾਨਪੁਰਾ 'ਚ ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਯੂ.ਪੀ. ਦਾ 28 ਸਾਲਾ ਵਿਅਕਤੀ ਪਿਛਲੇ 5 ਦਿਨਾਂ ਤੋਂ ਖੰਘ ਅਤੇ ਬੁਖ਼ਾਰ ਨਾਲ ਪੀੜਤ ਸੀ। ਬੀਤੀ ਰਾਤ ਛਾਤੀ 'ਚ ਦਰਦ ਹੋਣ 'ਤੇ ਉਸ ਨੂੰ ਨਾਲਾਗੜ੍ਹ ਹਸਪਤਾਲ ਲਿਆਂਦਾ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ 'ਚ ਉਹ ਪਾਜ਼ੇਟਿਵ ਪਾਇਆ ਗਿਆ। ਉੱਥੇ ਹੀ ਨਾਲਾਗੜ੍ਹ ਹਸਪਤਾਲ 'ਚ ਬੱਦੀ ਦੀ ਕੰਪਨੀ ਦੇ 45 ਸਾਲਾ ਕਰਮੀ ਦੀ ਮੌਤ ਹੋ ਗਈ।
ਪ੍ਰਦੇਸ਼ 'ਚ ਕੋਰੋਨਾ ਨਾਲ ਸੋਲਨ 'ਚ 13, ਕਾਂਗੜਾ 8, ਮੰਡੀ 'ਚ 7, ਚੰਬਾ 4, ਹਮੀਰਪੁਰ 5, ਸ਼ਿਮਲਾ 4, ਸਿਰਮੌਰ ਅਤੇ ਊਨਾ 'ਚ 3-3 ਲੋਕਾਂ ਦੀ ਮੌਤ ਹੋ ਚੁਕੀ ਹੈ। ਉੱਥੇ ਹੀ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 6660 ਪਹੁੰਚ ਗਿਆ ਹੈ, ਇਨ੍ਹਾਂ 'ਚੋਂ 1734 ਸਰਗਰਮ ਮਾਮਲੇ ਹਨ। 4832 ਮਰੀਜ਼ ਠੀਕ ਹੋ ਚੁਕੇ ਹਨ।