ਘਰ ''ਚ ਚੱਲ ਰਹੀਆਂ ਸਨ ਪੁੱਤ ਦੇ ਵਿਆਹ ਦੀਆਂ ਤਿਆਰੀਆਂ, ਪਰ ਵਾਪਰ ਗਈ ਅਣਹੋਣੀ

Tuesday, Mar 11, 2025 - 04:26 PM (IST)

ਘਰ ''ਚ ਚੱਲ ਰਹੀਆਂ ਸਨ ਪੁੱਤ ਦੇ ਵਿਆਹ ਦੀਆਂ ਤਿਆਰੀਆਂ, ਪਰ ਵਾਪਰ ਗਈ ਅਣਹੋਣੀ

ਧਰਮਪੁਰ- ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਧਰਮਪੁਰ ਸਬ-ਡਿਵੀਜ਼ਨ ਦੀ ਧਲਾਰਾ ਪੰਚਾਇਤ ਦੇ ਬਲਿਆਨ ਗਹਿਰੀ ਪਿੰਡ 'ਚ ਅੱਧੀ ਰਾਤ ਨੂੰ ਇਕ ਮਕਾਨ 'ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਪੂਰਾ ਘਰ ਅਤੇ ਉਸ ਵਿਚ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਮਕਾਨ ਦੇਸ਼ਰਾਜ ਪੁੱਤਰ ਸ਼ੰਕੂ ਰਾਮ ਸੀ, ਜੋ ਅਗਲੇ ਮਹੀਨੇ ਅਪ੍ਰੈਲ ਵਿਚ ਆਪਣੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ 'ਚ ਜੁੱਟੇ ਸਨ। ਘਰ ਦੇ ਅੰਦਰ ਵਿਆਹ ਲਈ ਖਰੀਦਿਆ ਗਿਆ ਸਾਮਾਨ ਵੀ ਰੱਖਿਆ ਹੋਇਆ ਸੀ, ਜੋ ਇਸ ਅਗਨੀਕਾਂਡ ਵਿਚ ਪੂਰੀ ਤਰ੍ਹਾਂ ਨਸ਼ਟ ਹੋ ਗਿਆ।

ਧਲਾਰਾ ਪੰਚਾਇਤ ਦੇ ਉੱਪ ਪ੍ਰਧਾਨ ਕਸ਼ਮੀਰ ਸਿੰਘ ਮੁਤਾਬਕ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਦੇਰ ਰਾਤ ਲੱਗੀ ਇਸ ਅੱਗ ਨੇ ਕੁਝ ਹੀ ਪਲਾਂ ਵਿਚ ਪੂਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਪਰਿਵਾਰ ਨੂੰ ਵੱਡਾ ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਹਰਕਤ 'ਚ ਆ ਗਿਆ। ਸਬ-ਡਿਵੀਜ਼ਨ ਅਫ਼ਸਰ (SDM) ਜੋਗਿੰਦਰ ਪਟਿਆਲ ਨੇ ਤੁਰੰਤ ਮਾਲ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਭੇਜਿਆ। 

ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ 5000 ਰੁਪਏ ਦੀ ਤੁਰੰਤ ਰਾਹਤ ਰਾਸ਼ੀ ਅਤੇ 3 ਤਰਪਾਲਾਂ ਮੁਹੱਈਆ ਕਰਵਾਈਆਂ ਹਨ ਅਤੇ ਸਬੰਧਤ ਕਰਮੀਆਂ ਨੂੰ ਨੁਕਸਾਨ ਦਾ ਜਾਇਜ਼ਾ ਲੈ ਕੇ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਧਲਾਰਾ ਪੰਚਾਇਤ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣਾ ਮਕਾਨ ਮੁੜ ਬਣਾ ਸਕਣ। ਪੰਚਾਇਤ ਅਤੇ ਸਥਾਨਕ ਲੋਕਾਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਜਲਦ ਤੋਂ ਜਲਦ ਮਦਦ ਕਰਨ ਦੀ ਅਪੀਲ ਕੀਤੀ ਹੈ।


author

Tanu

Content Editor

Related News