ਤੂਫਾਨ ਨੇ ਮਚਾਈ ਤਬਾਹੀ; ਹਾਈਵੇਅ ਤੋਂ ਡਿੱਗੀ ਕਾਰ, ਪੂਰੀ ਰਾਤ ਮਦਦ ਦੀ ਉਡੀਕ ''ਚ ਰਿਹਾ ਨੌਜਵਾਨ

Thursday, Apr 17, 2025 - 06:03 PM (IST)

ਤੂਫਾਨ ਨੇ ਮਚਾਈ ਤਬਾਹੀ; ਹਾਈਵੇਅ ਤੋਂ ਡਿੱਗੀ ਕਾਰ, ਪੂਰੀ ਰਾਤ ਮਦਦ ਦੀ ਉਡੀਕ ''ਚ ਰਿਹਾ ਨੌਜਵਾਨ

ਸਿਰਮੌਰ- ਬੀਤੀ ਰਾਤ ਹਿਮਾਚਲ ਪ੍ਰਦੇਸ਼ ਵਿਚ ਭਿਆਨਕ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ। ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਈ ਥਾਵਾਂ 'ਤੇ ਦਰੱਖਤ ਡਿੱਗ ਪਏ, ਬਿਜਲੀ ਸਪਲਾਈ ਠੱਪ ਹੋ ਗਈ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਤੂਫਾਨ ਦਾ ਸਭ ਤੋਂ ਵੱਧ ਅਸਰ ਸਿਰਮੌਰ ਜ਼ਿਲ੍ਹੇ 'ਚ ਪਿਆ, ਜਿੱਥੇ ਇਕ ਕਾਰ ਖੱਡ 'ਚ ਡਿੱਗ ਗਈ ਅਤੇ ਡਰਾਈਵਰ ਪੂਰੀ ਰਾਤ ਉੱਥੇ ਹੀ ਫਸਿਆ ਰਿਹਾ।

ਪੂਰੀ ਰਾਤ ਮਦਦ ਦੀ ਉਡੀਕ ਕਰਦਾ ਰਿਹਾ ਨੌਜਵਾਨ

ਇਹ ਘਟਨਾ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ-ਕਾਲਾ ਅੰਬ ਨੈਸ਼ਨਲ ਹਾਈਵੇਅ 'ਤੇ ਵਾਪਰੀ। ਉੱਤਰ ਪ੍ਰਦੇਸ਼ ਦਾ ਇਕ ਨੌਜਵਾਨ ਸੌਰਭ ਆਪਣੀ ਕਾਰ 'ਚ ਸਵਾਰ ਹੋ ਕੇ ਹਾਈਵੇਅ ਤੋਂ ਲੰਘ ਰਿਹਾ ਸੀ। ਰਾਤ ਨੂੰ ਲਗਭਗ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਤੂਫ਼ਾਨ ਕਾਰਨ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖੱਡ ਵਿਚ ਡਿੱਗ ਗਈ। ਜਿਵੇਂ ਹੀ ਕਾਰ ਖੱਡ 'ਚ ਡਿੱਗੀ, ਸੌਰਭ ਉਸ 'ਚ ਫਸ ਗਿਆ ਅਤੇ ਪੂਰੀ ਰਾਤ ਮਦਦ ਦੀ ਉਡੀਕ ਕਰਦਾ ਰਿਹਾ। ਅਗਲੀ ਸਵੇਰ ਪੰਚਾਇਤ ਦੇ ਪ੍ਰਧਾਨ ਸੰਦੀਪ ਤੋਮਰ ਅਤੇ ਪਿੰਡ ਦੇ ਹੋਰ ਲੋਕ ਮੌਕੇ 'ਤੇ ਪਹੁੰਚੇ ਅਤੇ ਨੌਜਵਾਨ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਨਜ਼ਦੀਕੀ ਮੈਡੀਕਲ ਕਾਲਜ ਭੇਜਿਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਗਨੀਮਤ ਇਹ ਰਹੀ ਕਿ ਨੌਜਵਾਨ ਦੀ ਜਾਨ ਬਚ ਗਈ।

ਮੌਸਮ ਵਿਭਾਗ ਦੀ ਚਿਤਾਵਨੀ

ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਨੇ ਪਹਿਲਾਂ ਹੀ ਪ੍ਰਦੇਸ਼ ਲਈ ਚਿਤਾਵਨੀ ਜਾਰੀ ਕਰ ਦਿੱਤੀ ਸੀ। ਮੌਸਮ ਵਿਭਾਗ ਨੇ 18 ਅਤੇ 19 ਅਪ੍ਰੈਲ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਖਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਇਸ ਲਈ ਆਰੇਂਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿਚ ਮੀਂਹ, ਬਰਫ਼ਬਾਰੀ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਬੀਤੀ ਰਾਤ ਤੇਜ਼ ਹਵਾਵਾਂ ਕਾਰਨ ਸੂਬੇ ਦੇ ਸੱਤ ਜ਼ਿਲ੍ਹਿਆਂ 'ਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਇਸ ਸਮੇਂ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ ਅਤੇ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ ਕੀਤੀ ਗਈ ਹੈ।


author

Tanu

Content Editor

Related News