ਹਿਮਾਚਲ : ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੋਈ, 6 ਲੋਕ ਅਜੇ ਵੀ ਲਾਪਤਾ

Sunday, Aug 21, 2022 - 11:33 AM (IST)

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੋਰ ਮੌਸਮ ਸੰਬੰਧੀ ਘਟਨਾਵਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। ਐੱਨ.ਡੀ.ਆਰ.ਐੱਫ਼. ਅਤੇ ਸਥਾਨਕ ਪ੍ਰਸ਼ਾਸਨ ਨੂੰ ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਇਕ ਹੋਰ ਲਾਸ਼ ਮਿਲੀ। ਆਫ਼ਤ ਪ੍ਰਬੰਧਨ ਅਥਾਰਟੀ ਦੇ ਅੰਕੜਿਆਂ ਅਨੁਸਾਰ, 6 ਲੋਕ ਹਾਲੇ ਵੀ ਲਾਪਤਾ ਹਨ। ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਮੋਹਲੇਧਾਰ ਮੀਂਹ ਜਾਰੀ ਹੈ, ਜਿਸ ਨਾਲ ਸੂਬੇ ਦੇ ਸੈਲਾਨੀਆਂ ਅਤੇ ਸਥਾਨਕ ਨਾਗਰਿਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਨਤਕ ਜਾਇਦਾਦ ਦਾ ਨੁਕਸਾਨ ਹੋ ਰਿਹਾ ਹੈ। ਸੂਬੇ 'ਚ 30 ਵੱਖ-ਵੱਖ ਥਾਂਵਾਂ ਤੋਂ ਅਚਾਨਕ ਹੜ੍ਹ ਅਤੇ ਮੌਸਮ ਸੰਬੰਧੀ ਹੋਰ ਘਟਨਾਵਾਂ ਦੀ ਸੂਚਨਾ ਮਿਲੀ ਹੈ। ਮੰਡੀ, ਚੰਬਾ, ਕਾਂਗੜਾ, ਕੁੱਲੂ, ਹਮੀਰਪੁਰ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੇ ਨਾਲ ਕਈ ਘਰਾਂ 'ਚ ਨੁਕਸਾਨ ਹੋਣ ਦੀਆਂ ਵੀ ਖ਼ਬਰਾਂ ਹਨ।

PunjabKesari

ਹਿਮਾਚਲ ਪ੍ਰਦੇਸ਼ ਦੇ ਮੰਡੀ ਖੇਤਰ 'ਚ ਮੋਹਲੇਧਾਰ ਮੀਂਹ ਕਾਰਨ ਸੜਕਾਂ ਬੰਦ ਹੋ ਗਈਆਂ, ਜਿਸ ਦੇ ਨਤੀਜੇ ਵਜੋਂ ਕਈ ਸੈਲਾਨੀ ਫਸ ਗਏ ਹਨ। ਇਸ ਤੋਂ ਇਲਾਵਾ ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲਾ ਚੱਕੀ ਰੇਲਵੇ ਪੁਲ ਵੀ ਢਹਿ ਗਿਆ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਹੜ੍ਹ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਮਹੱਤਵਪੂਰਨ ਥਾਂਵਾਂ 'ਤੇ ਪੂਰੀ ਗਿਣਤੀ 'ਚ ਬਚਾਅ ਕਰਮੀਆਂ ਅਤੇ ਮਸ਼ੀਨਰੀ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਹਸਪਤਾਲਾਂ ਵੱਲ ਜਾਣ ਵਾਲੇ ਮੁੱਖ ਮਾਰਗਾਂ ਨੂੰ ਪਹਿਲ ਦੇ ਆਧਾਰ 'ਤੇ ਬਹਾਲ ਕੀਤਾ ਜਾਵੇਗਾ। ਇਸ ਵਿਚ ਭਾਰਤ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਪੂਰੇ ਹਿਮਾਚਲ ਪ੍ਰਦੇਸ਼ 'ਚ ਓਰੇਂਜ ਅਲਰਟ ਜਾਰੀ ਕੀਤਾ ਹੈ।

PunjabKesari


DIsha

Content Editor

Related News