ਹਿਮਾਚਲ 'ਚ ਕੁਦਰਤ ਦਾ ਕਹਿਰ; ਹੁਣ ਤੱਕ 372 ਲੋਕਾਂ ਦੀ ਮੌਤ, 2400 ਘਰ ਹੋਏ ਢਹਿ-ਢੇਰੀ
Saturday, Aug 26, 2023 - 11:20 AM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੋਹਲੇਧਾਰ ਮੀਂਹ ਦਾ ਦੌਰ ਭਾਵੇਂ ਹੀ ਰੁੱਕ ਗਿਆ ਹੋਵੇ ਪਰ ਤਬਾਹੀ ਅਤੇ ਮੁਸੀਬਤਾਂ ਦਾ ਦੌਰ ਨਹੀਂ ਰੁਕਿਆ। ਸ਼ੁੱਕਰਵਾਰ ਨੂੰ 60 ਘੰਟਿਆਂ ਬਾਅਦ ਕੁੱਲੂ-ਮਨਾਲੀ ਅਤੇ ਲਾਹੌਲ ਘਾਟੀ ਦਾ ਸੜਕ ਸੰਪਰਕ ਟੁੱਟਿਆ ਰਿਹਾ। ਕੁੱਲੂ-ਮੰਡੀ ਨੈਸ਼ਨਲ ਹਾਈਵੇਅ ਤੋਂ ਇਲਾਵਾ ਸਾਰੇ ਬਦਲਵੇਂ ਮਾਰਗ ਤੀਜੇ ਦਿਨ ਵੀ ਬੰਦ ਰਹੇ। ਬੱਦੀ ਨੂੰ ਪਿੰਜੌਰ ਨਾਲ ਜੋੜਨ ਵਾਲਾ ਪੁਲ ਢਹਿ-ਢੇਰੀ ਹੋ ਗਿਆ। ਇਸ ਮਾਨਸੂਨ ਸੀਜ਼ਨ 'ਚ 24 ਜੂਨ ਤੋਂ 25 ਅਗਸਤ ਤੱਕ 372 ਲੋਕਾਂ ਨੇ ਆਪਣੀ ਜਾਨ ਗੁਆਉਣੀ ਪਈ ਹੈ। ਇਨ੍ਹਾਂ ਵਿਚੋਂ 126 ਲੋਕਾਂ ਦੀ ਸੜਕ ਹਾਦਸਿਆਂ ਵਿਚ ਮੌਤ ਹੋ ਗਈ। ਕੁੱਲ 349 ਲੋਕ ਜ਼ਖਮੀ ਹੋਏ ਹਨ। ਸੂਬੇ ਵਿਚ 2400 ਘਰ ਢਹਿ ਗਏ ਹਨ। 10,338 ਨੂੰ ਅੰਸ਼ਿਕ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ- ਹਿਮਾਚਲ 'ਚ 'ਯੈਲੋ' ਅਲਰਟ ਜਾਰੀ, ਹੁਣ ਤੱਕ 239 ਲੋਕਾਂ ਦੀ ਮੌਤ, 12,000 ਕਰੋੜ ਰੁਪਏ ਦਾ ਨੁਕਸਾਨ
ਇਸ ਤੋਂ ਇਲਾਵਾ 303 ਦੁਕਾਨਾਂ ਅਤੇ 5133 ਗਊਸ਼ਾਲਾ ਨੂੰ ਵੀ ਨੁਕਸਾਨ ਹੋਇਆ ਹੈ। ਮਾਨਸੂਨ ਸੀਜ਼ਨ ਦੌਰਾਨ ਹੁਣ ਤੱਕ 8468.25 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਹੁਣ ਤੱਕ ਸੂਬੇ ਵਿਚ ਜ਼ਮੀਨ ਖਿਸਕਣ ਦੀਆਂ 156 ਅਤੇ ਅਚਾਨਕ ਹੜ੍ਹ ਦੀਆਂ 66 ਘਟਨਾਵਾਂ ਸਾਹਮਣੇ ਆਈਆਂ ਹਨ। ਕੁੱਲੂ-ਮੰਡੀ ਨੈਸ਼ਨਲ ਹਾਈਵੇਅ ਬੰਦ ਹੋਣ ਕਾਰਨ ਸੇਬ, ਸਬਜ਼ੀਆਂ ਨਾਲ ਲੱਦੇ ਵਾਹਨ ਸੜਕਾਂ 'ਤੇ ਫਸੇ ਹੋਏ ਹਨ। ਗੱਡੀਆਂ 'ਚੋਂ ਸੇਬ ਅਤੇ ਸਬਜ਼ੀਆਂ ਕੱਢ ਕੇ ਸੜਕਾਂ 'ਤੇ ਰੱਖ ਦਿੱਤੀਆਂ ਹਨ, ਤਾਂ ਕਿ ਖਰਾਬ ਨਾ ਹੋਣ। ਕਈ ਲੋਕਾਂ ਨੇ ਤੋੜਿਆ ਹੋਇਆ ਸੇਬ ਆਪਣੇ ਘਰਾਂ ਵਿਚ ਰੱਖਿਆ ਹੈ।
ਇਹ ਵੀ ਪੜ੍ਹੋ- ਹਿਮਾਚਲ : ਕੁੱਲੂ ਤੋਂ ਸਾਹਮਣੇ ਆਈ ਤਬਾਹੀ ਦੀ ਵੀਡੀਓ, ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ 8 ਬਹੁਮੰਜ਼ਿਲਾ ਇਮਾਰਤਾਂ
ਓਧਰ ਕੁੱਲੂ ਸ਼ਹਿਰ ਵਿਚ ਪੈਟਰੋਲ ਪੰਪਾਂ 'ਤੇ ਤੇਲ ਸਟਾਕ ਵੀ ਅੱਧਾ ਹੀ ਬਚਿਆ ਹੈ। ਸਕੂਟੀ, ਦੋ-ਪਹੀਆ ਵਾਹਨਾਂ ਨੂੰ ਦੋ ਅਤੇ ਕਾਰ ਲਈ ਸਿਰਫ 5 ਲੀਟਰ ਪੈਟਰੋਲ ਹੀ ਦਿੱਤਾ ਜਾ ਰਿਹਾ ਹੈ। ਰਾਸ਼ਨ ਅਤੇ ਜ਼ਰੂਰੀ ਦਵਾਈਆਂ ਦਾ ਹੁਣ ਸੰਕਟ ਡੂੰਘਾ ਹੋਣ ਲੱਗਾ ਹੈ। ਜਲਦੀ ਹਾਈਵੇਅ ਬਹਾਲ ਨਾ ਹੋਏ ਤਾਂ ਹਾਲਾਤ ਵਿਗੜ ਸਕਦੇ ਹਨ। ਮੰਡੀ ਜ਼ਿਲ੍ਹੇ ਵਿਚ ਵੀ ਹਾਲਾਤ ਆਮ ਨਹੀਂ ਹੋਏ ਹਨ। 22 ਤੋਂ ਵੱਧ ਘਰ ਢਹਿਣ ਕਾਰਨ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਹੈ। ਫ਼ੌਜ ਦੇ ਹੈਲੀਕਾਪਟਰ ਤੋਂ ਸ਼ੁੱਕਰਵਾਰ ਨੂੰ ਵੀ ਤੰਗ ਇਲਾਕਿਆਂ ਲਈ ਰਾਹਤ ਸਮੱਗਰੀ ਭੇਜੀ ਗਈ।
ਇਹ ਵੀ ਪੜ੍ਹੋ- ਸੋਨੀਆ ਗਾਂਧੀ ਨੇ ਇਸਰੋ ਮੁਖੀ ਨੂੰ ਲਿਖੀ ਚਿੱਠੀ, 'ਚੰਦਰਯਾਨ-3 ਦੀ ਸ਼ਾਨਦਾਰ ਉਪਲੱਬਧੀ 'ਤੇ ਹਰ ਭਾਰਤੀ ਨੂੰ ਮਾਣ'
ਪੰਡੋਹ ਡੈਮ ਦੇ ਆਲੇ-ਦੁਆਲੇ ਫਸੇ ਕਰੀਬ 200 ਵਾਹਨਾਂ ਅਤੇ ਲੋਕਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ। ਸ਼ੁੱਕਰਵਾਰ ਨੂੰ ਭਾਵੇਂ ਹੀ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਧੁੱਪ ਨਿਕਲੀ ਪਰ 450 ਸੜਕਾਂ 'ਤੇ ਅਜੇ ਵੀ ਆਵਾਜਾਈ ਠੱਪ ਹੈ। ਹਾਲਾਂਕਿ ਸ਼ਨੀਵਾਰ ਨੂੰ ਕੁਝ ਖੇਤਰਾਂ ਵਿਚ ਮੀਂਹ ਦਾ ਯੈਲੋ ਅਲਰਟ ਹੈ ਪਰ ਆਉਣ ਵਾਲੇ 4 ਦਿਨਾਂ ਤੱਕ ਜ਼ਿਲ੍ਹਿਆਂ 'ਚ ਮੌਸਮ ਸਾਫ ਰਹਿਣ ਦਾ ਅਨੁਮਾਨ ਹੈ। ਇਸ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਆਗਾਮੀ 30 ਅਗਸਤ ਤੱਕ ਮੌਸਮ ਆਮ ਬਣਿਆ ਰਹੇਗਾ ਅਤੇ ਧੁੱਪ ਨਿਕਲਣ ਦੇ ਆਸਾਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8