ਹਿਮਾਚਲ 'ਚ ਪਲਾਸਟਿਕ ਨਾਲ ਬਣੇ ਕਾਂਟੇ, ਚਮਚਿਆਂ 'ਤੇ ਲੱਗੀ ਪਾਬੰਦੀ

09/23/2019 12:24:40 PM

ਸ਼ਿਮਲਾ— ਪਲਾਸਟਿਕ ਵਾਤਾਵਰਣ ਅਤੇ ਸਾਡੀ ਜ਼ਿੰਦਗੀ ਲਈ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਪਲਾਸਟਿਕ ਦੇ ਇਸਤੇਮਾਲ ਨੂੰ ਖਤਮ ਕਰ ਕੇ ਹੀ ਅਸੀਂ ਆਪਣੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖ ਸਕਦੇ ਹਾਂ। ਪਲਾਸਟਿਕ ਦਾ ਇਸਤੇਮਾਲ ਵਾਤਾਵਰਣ ਹੀ ਨਹੀਂ ਸਗੋਂ ਕਿ ਸਾਡੀ ਸਿਹਤ ਲਈ ਵੀ ਹਾਨੀਕਾਰਕ ਹੈ। ਮੋਦੀ ਸਰਕਾਰ ਵਲੋਂ ਪਲਾਸਟਿਕ ਦੀਆਂ ਥੈਲੀਆਂ (ਲਿਫਾਫਿਆਂ) ਅਤੇ ਹੋਰ ਚੀਜ਼ਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਗਈ ਹੈ। ਇਸ ਤੋਂ ਬਾਅਦ ਹੁਣ ਸਰਕਾਰ ਨੇ ਪਲਾਸਟਿਕ ਕਟਲਰੀ ਦੇ ਇਸਤੇਮਾਲ 'ਤੇ ਵੀ ਪਾਬੰਦੀ ਲਾ ਦਿੱਤੀ ਹੈ। 

ਹਿਮਾਚਲ ਪ੍ਰਦੇਸ਼ 'ਚ ਪਲਾਸਟਿਕ ਨਾਲ ਬਣੇ ਚਮਚੇ, ਕਾਂਟੇ, ਕਟੋਰੀਆਂ, ਫੂਡ ਸਰਵਿੰਗ ਸਪੂਨ ਅਤੇ ਚਾਕੂ ਸਮੇਤ ਹੋਰ ਉਤਪਾਦਾਂ ਦਾ ਇਸਤੇਮਾਲ ਅਪਰਾਧ ਦੀ ਸ਼੍ਰੇਣੀ ਵਿਚ ਆਵੇਗਾ। ਅਹਿਮ ਗੱਲ ਇਹ ਹੈ ਕਿ ਦੁਕਾਨਦਾਰਾਂ ਨੂੰ ਇਸ ਦਾ ਸਟਾਕ ਮਹਿਜ 3 ਮਹੀਨਿਆਂ 'ਚ ਖਤਮ ਕਰਨਾ ਹੋਵੇਗਾ। ਤੈਅ ਸਮੇਂ ਤੋਂ ਬਾਅਦ ਜੇਕਰ ਕੋਈ ਵਿਅਕਤੀ ਸਰਕਾਰੀ ਜਾਂ ਨਿਜੀ ਸੰਗਠਨਾਂ ਸਮੇਤ ਹੋਰ ਅਦਾਰਿਆਂ 'ਚ ਇਨ੍ਹਾਂ ਪਲਾਸਟਿਕ ਕਟਲਰੀ ਦਾ ਇਸਤੇਮਾਲ ਕਰਦਾ ਫੜਿਆ ਗਿਆ ਤਾਂ ਉਸ ਨੂੰ ਹਿਮਾਚਲ ਪ੍ਰਦੇਸ਼ ਨੋਨ-ਬਾਇਓਡੀਗ੍ਰੇਡੇਬਲ ਗਾਰਬੇਜ (ਕੰਟਰੋਲ) ਐਕਟ-1995 ਤਹਿਤ ਜੁਰਮਾਨਾ ਲਾਇਆ ਜਾਵੇਗਾ। 

ਇਸ ਨੂੰ ਲੈ ਕੇ ਵਧੀਕ ਮੁੱਖ ਸਕੱਤਰ ਵਾਤਾਵਰਣ ਵਿਗਿਆਨ ਅਤੇ ਉੱਦਮੀ ਆਰ. ਡੀ. ਧੀਮਾਨ ਨੇ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰ ਨੇ 25,000 ਰੁਪਏ ਜੁਰਮਾਨ ਤਕ ਦੀ ਵਿਵਸਥਾ ਕਰ ਦਿੱਤੀ ਹੈ। ਇਸ ਤਰ੍ਹਾਂ ਸਰਕਾਰੀ ਅਤੇ ਨਿੱਜੀ ਸੰਗਠਨਾਂ, ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਉਦਯੋਗਾਂ ਆਦਿ ਵਲੋਂ ਸੜਕ 'ਤੇ ਪਲਾਸਟਿਕ ਕਟਲਰੀ ਸੁੱਟਣ 'ਤੇ 5,000 ਰੁਪਏ ਜੁਰਮਾਨਾ ਭਰਨਾ ਹੋਵੇਗਾ। ਪਲਾਸਟਿਕ ਕਟਲਰੀ 'ਤੇ ਪਾਬੰਦੀ ਲਾਉਣ ਦੇ ਪਿੱਛੇ ਸਰਕਾਰ ਦਾ ਮਕਸਦ ਇਹ ਹੈ ਕਿ ਇਸ ਨਾਲ ਵਾਤਾਵਰਣ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।


Tanu

Content Editor

Related News