ਬਰਫਬਾਰੀ ਤੋਂ ਬਾਅਦ ਹਿਮਾਚਲ ''ਚ ਅੱਜ ਖੁੱਲ੍ਹਿਆ ਮੌਸਮ
Sunday, Nov 17, 2019 - 01:43 PM (IST)

ਸ਼ਿਮਲਾ—ਹਿਮਾਚਲ ਦੇ ਕੁੱਲੂ ਅਤੇ ਲਾਹੌਲ ਘਾਟੀ 'ਚ ਪਿਛਲੇ ਇੱਕ ਹਫਤੇ ਤੋਂ ਮੌਸਮ ਖਰਾਬ ਰਹਿਣ ਤੋਂ ਬਾਅਦ ਅੱਜ ਭਾਵ ਐਤਵਾਰ ਨੂੰ ਮੌਸਮ ਖੁੱਲ੍ਹ ਜਾਣ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਧੁੱਪ ਨਿਕਲਣ ਨਾਲ ਲੋਕਾਂ ਨੂੰ ਹੱਡ ਕੰਬਾਊ ਠੰਡ ਤੋਂ ਰਾਹਤ ਮਿਲੀ ਹੈ।
ਲਾਹੌਲ ਦੇ ਰਿਹਾਇਸ਼ੀ ਇਲਾਕਿਆਂ 'ਚ ਬਰਫਬਾਰੀ ਹੋਣ ਨਾਲ ਲਗਭਗ 2 ਦਰਜਨਾਂ ਸੰਪਰਕ ਮਾਰਗ ਬੰਦ ਕਰਨੇ ਪਏ। ਇਸ ਦੇ ਨਾਲ ਹੀ ਰੋਹਤਾਂਗ 'ਚ ਲਗਭਗ 35 ਸੈਂਟੀਮੀਟਰ ਬਰਫਬਾਰੀ ਹੋਣ ਨਾਲ ਮਨਾਲੀ-ਲੇਹ ਮਾਰਗ 'ਤੇ ਵੀ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ।
ਮੌਸਮ ਖੁੱਲਦਿਆਂ ਹੀ ਇੱਕ ਵਾਰ ਫਿਰ ਬੀ.ਆਰ.ਓ ਵੱਲੋਂ ਰੋਹਤਾਂਗ ਨੂੰ ਆਵਾਜਾਈ ਲਈ ਬਹਾਲ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਸਕਦੀ ਹੈ। ਰੋਹਤਾਂਗ ਦੱਰੇ 'ਚ ਹੁਣ 2 ਟਰੱਕਾਂ ਦੇ ਨਾਲ ਕਈ ਵਾਹਨ ਫਸੇ ਹਨ, ਜਦਕਿ ਸੇਬ ਨਾਲ ਭਰਿਆ ਇੱਕ ਟਰੱਕ 3 ਦਿਨਾਂ ਤੋਂ ਰਾਹਨੀਨਾਲਾ ਕੋਲ ਫਸਿਆ ਹੋਇਆ ਹੈ। ਮੌਸਮ ਖੁੱਲਣ ਨਾਲ ਲਾਹੌਲ ਦੇ ਬਾਗਵਾਨਾਂ ਨੂੰ ਵੀ ਆਪਣੇ ਸੇਬ ਨੂੰ ਘਾਟੀ ਤੋਂ ਬਾਹਰ ਕੱਢਣ 'ਚ ਮਦਦ ਮਿਲੇਗੀ।
ਹਾਲਾਂਕਿ ਸੂਬਾ ਸਰਕਾਰ ਨੇ ਲੋਕਾਂ ਦੀ ਆਵਾਜਾਈ ਲਈ ਮਨਾਲੀ ਤੋਂ ਰੋਹਤਾਂਗ ਟਨਲ ਦੇ ਨਾਰਥ ਪੋਰਟਲ ਤੱਕ ਐੱਚ.ਆਰ.ਟੀ.ਸੀ. ਦੀ ਬੱਸ ਸਰਵਿਸ ਸ਼ੁਰੂ ਕੀਤੀ ਹੈ, ਜੋ ਰੋਜਾਨਾ ਟਨਲ ਤੋਂ ਹੋ ਕੇ ਗੁਜਰੇਗੀ। ਬੀ.ਆਰ.ਓ. ਨੇ ਬੱਸ ਸਰਵਿਸ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ ਹੈ।