ਸੰਸਥਾਵਾਂ ਨੂੰ ਬੰਦ ਕਰਨ ਦੇ ਮੁੱਦੇ ''ਤੇ ਸਦਨ ''ਚ ਹੰਗਾਮਾ, ਵਿਰੋਧੀ ਧਿਰ ਨੇ ਕੀਤੀ ਨਾਅਰੇਬਾਜ਼ੀ
Saturday, Dec 21, 2024 - 02:36 PM (IST)
ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਆਖ਼ਰੀ ਦਿਨ ਸ਼ਨੀਵਾਰ ਨੂੰ ਸਦਨ ਵਿਚ ਜ਼ਬਰਦਸਤ ਹੰਗਾਮਾ ਹੋਇਆ। ਭਾਜਪਾ ਵਿਧਾਇਕਾਂ ਨੇ ਕਾਂਗਰਸ ਸਰਕਾਰ 'ਤੇ ਸੰਸਥਾਵਾਂ ਨੂੰ ਬੰਦ ਹੋਣ ਦੇ ਮੁੱਦੇ 'ਤੇ ਝੂਠ ਬੋਲਣ ਦਾ ਦੋਸ਼ ਲਾਇਆ। ਇਸ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਵਿਚਾਲੇ ਤਿੱਖੀ ਬਹਿਸ ਹੋਈ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਕੀਤੀ ਅਤੇ ਸਦਨ ਤੋਂ ਬਾਹਰ ਨਿਕਲ ਗਏ।
ਦਰਅਸਲ ਭਾਜਪਾ ਵਿਧਾਇਕ ਰਣਧੀਰ ਸ਼ਰਮਾ ਨੇ ਸਰਕਾਰ ਤੋਂ ਸਵਾਲ ਪੁੱਛਿਆ ਸੀ ਕਿ ਕਿਉਂ ਇੰਨੀਆਂ ਸੰਸਥਾਵਾਂ ਬੰਦ ਕੀਤੀਆਂ ਗਈਆਂ ਅਤੇ ਨਵੀਆਂ ਸੰਸਥਾਵਾਂ ਕਿਉਂ ਖੋਲ੍ਹੀਆਂ ਗਈਆਂ। ਅੰਕੜਿਆਂ ਮੁਤਾਬਕ ਸਰਕਾਰ ਨੇ 1865 ਸੰਸਥਾਵਾਂ ਨੂੰ ਡਿਨੋਟੀਫਾਈ ਕੀਤਾ, ਜਦਕਿ 37 ਨਵੀਆਂ ਸੰਸਥਾਵਾਂ ਖੋਲ੍ਹੀਆਂ ਗਈਆਂ ਹਨ। ਇਸ ਤੋਂ ਇਲਾਵਾ 103 ਸੰਸਥਾਵਾਂ ਲਈ ਵੱਖ ਤੋਂ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ।
ਵਿਰੋਧੀ ਧਿਰ ਦੇ ਆਗੂ ਜੈ ਰਾਮ ਠਾਕੁਰ ਨੇ ਮੀਡੀਆ ਨੂੰ ਦੱਸਿਆ ਕਿ ਕਾਂਗਰਸ ਸਰਕਾਰ ਰਾਜਨੀਤੀ ਦੇ ਹਿੱਸੇ ਵਜੋਂ ਪਿਛਲੀ ਸਰਕਾਰ ਵੱਲੋਂ ਖੋਲ੍ਹੇ ਗਏ 1000 ਤੋਂ ਵੱਧ ਅਦਾਰਿਆਂ ਨੂੰ ਬੰਦ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਅਦਾਰਿਆਂ ਨੂੰ ਬਿਨਾਂ ਲੋੜ ਤੋਂ ਬੰਦ ਕਰ ਦਿੱਤਾ ਗਿਆ ਹੈ। ਜੈ ਰਾਮ ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਸੁੱਖੂ ਝੂਠ ਬੋਲ ਰਹੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ 1094 ਸਕੂਲ ਬੰਦ ਕਰ ਦਿੱਤੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸਕੂਲ ਆਦਿਵਾਸੀ ਖੇਤਰਾਂ ਦੇ ਹਨ, ਜਿੱਥੇ ਬੱਚਿਆਂ ਨੂੰ ਦੂਰ-ਦੁਰਾਡੇ ਦੇ ਸਕੂਲਾਂ 'ਚ ਜਾਣ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ‘ਇਕ ਬੱਚੇ ਲਈ ਵੀ ਸਕੂਲ ਖੋਲ੍ਹਣ’ ਦੇ ਸਿਧਾਂਤ ਦਾ ਹਵਾਲਾ ਦਿੰਦਿਆਂ ਜੈ ਰਾਮ ਠਾਕੁਰ ਨੇ ਕਿਹਾ ਕਿ ਸੁੱਖੂ ਸਰਕਾਰ ਇਸ ਦੇ ਉਲਟ ਕੰਮ ਕਰ ਰਹੀ ਹੈ।