ਅੱਤਵਾਦੀ ਹਮਲੇ ਦਾ ਖਦਸ਼ਾ, ਤਾਮਿਲਨਾਡੂ ''ਚ ਹਾਈ ਅਲਰਟ

Saturday, Aug 24, 2019 - 07:11 PM (IST)

ਅੱਤਵਾਦੀ ਹਮਲੇ ਦਾ ਖਦਸ਼ਾ, ਤਾਮਿਲਨਾਡੂ ''ਚ ਹਾਈ ਅਲਰਟ

ਚੇਨਈ — ਲਸ਼ਕਰ-ਏ-ਤੋਇਬਾ ਦੇ 6 ਅੱਤਵਾਦੀਆਂ ਦੇ ਤਾਮਿਲਨਾਡੂ 'ਚ ਘੁਸਪੈਠ ਕਰਨ ਦੀ ਖੁਫੀਆ ਜਾਣਕਾਰੀ ਮਿਲਣ ਦੇ ਮੱਦੇਨਜ਼ਰ ਨੇਵੀ ਫੌਜ ਨੇ ਸਮੁੰਦਰੀ ਖੇਤਰ 'ਚ ਹਾਈ ਅਲਰਟ ਦਾ ਐਲਾਨ ਕੀਤਾ ਹੈ ਤੇ ਸ਼ਨੀਵਾਰ ਨੂੰ ਦੂਜੇ ਦਿਨ ਵੀ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਸਖਤ ਨਿਗਰਾਨੀ ਵਰਤੀ ਜਾ ਰਹੀ ਹੈ। ਕੇਰਲ ਦੇ ਕੋਚੀ 'ਚ ਰੱਖਿਆ ਬੁਲਾਰਾ ਨੇ ਦੱਸਿਆ, 'ਖੁਫੀਆ ਸੂਚਨਾ ਦੇ ਆਧਾਰ 'ਤੇ ਭਾਰਤੀ ਨੇਵੀ ਫੌਜ ਸਮੁੰਦਰ 'ਚ ਅਤੇ ਤੱਟੀ ਖੇਤਰੀ ਇਲਾਕਿਆਂ 'ਚ ਸਥਿਤੀ 'ਤੇ ਪੈਨੀ ਨਜ਼ਰ ਬਣਾਏ ਰੱਖੇ ਹੋਏ ਹੈ।
ਅੱਤਵਾਦੀ ਸੰਗਠਨ ਲਸ਼ਕਰ ਦੇ 6 ਅੱਤਵਾਦੀਆਂ ਦੇ ਸ਼੍ਰੀਲੰਕਾ ਤੋਂ ਸਮੁੰਦਰ ਦੇ ਰਾਸਤੇ ਤਾਮਿਲਨਾਡੂ 'ਚ ਘੁਸਪੈਠ ਕਰਨ ਤੇ ਉਥੇ ਦੇ ਬਾਕੀ ਸ਼ਹਿਰਾਂ ਵੱਲ ਰੁਖ ਕਰਨ ਦੀ ਖਬਰ ਤੋਂ ਬਾਅਦ ਸ਼ੁੱਕਰਵਾਰ ਨੂੰ ਸੂਬੇ 'ਚ ਸੁਰੱਖਿਆ ਵਧਾ ਦਿੱਤੀ ਗਈ। ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਕੋਇੰਬਟੂਰ ਸ਼ਹਿਰ ਨੂੰ ਗੁਆਂਢੀ ਸੂਬਿਆਂ ਨਾਲ ਜੋੜਨ ਵਾਲੇ ਰਾਜਮਾਰਗਾਂ 'ਤੇ ਵਾਹਨਾਂ ਦੀ ਜਾਂਚ ਵਧਾ ਦਿੱਤੀ ਗਈ ਹੈ ਅਤੇ ਹਥਿਆਰਬੰਦ ਪੁਲਸ ਕਰਮਚਾਰੀ ਸਾਮਾਨ ਦੀ ਜਾਂਚ ਕਰ ਰਹੇ ਹਨ। 
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੇ ਹਵਾਈ ਅੱਡਿਆਂ 'ਤੇ ਵੀ ਜਾਂਚ ਵਧਾ ਦਿੱਤੀ ਗਈ ਹੈ। ਤਾਮਿਲਨਾਡੂ ਕਮਾਂਡੋ ਬਲ ਨੇ ਸੁਰੱਖਿਆ ਨੂੰ ਲੈ ਕੇ ਲੋਕਾਂ 'ਚ ਆਤਮਵਿਸ਼ਵਾਸ ਭਰਨ ਲਈ ਮੇੱਟੂਪਲਾਇਮ 'ਚ ਫਲੈਗ ਮਾਰਚ ਕੱਢਿਆ। ਇਹ ਸ਼ਹਿਰ ਕੋਇੰਬਟੂਰ ਤੋਂ 35 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਪੁਲਸ ਸੂਤਰਾਂ ਨੇ ਦੱਸਿਆ ਕਿ ਮੰਦਰਾਂ, ਮਸਜਿਦਾਂ ਤੇ ਚਰਚ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਆਮਤੌਰ 'ਤੇ ਅੱਤਵਾਦੀਆਂ ਦਾ ਆਸਾਨ ਨਿਸ਼ਾਨਾ ਹੁੰਦੇ ਹਨ ਕਿਉਂਕਿ ਸ਼੍ਰੀਲੰਕਾ 'ਚ ਵੀ ਹਾਲ 'ਚ ਹੋਏ ਅੱਤਵਾਦੀ ਹਮਲਿਆਂ 'ਚ ਚਰਚਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੇਰਲ ਦੇ ਡੀਜੀਪੀ ਲੋਕਨਾਥ ਬੇਹੇਰਾ ਨੇ ਜ਼ਿਲਾ ਪੁਲਸ ਮੁਖੀਆਂ ਨੂੰ ਸਮੂਚੇ ਰਾਜ 'ਚ ਸਾਵਧਾਨੀ ਵਰਤਨ ਦਾ ਨਿਰਦੇਸ਼ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ 'ਕੇਰਲ ਵੀਰਵਾਰ ਸ਼ਾਮ ਤੋਂ ਹਾਈ ਅਲਰਟ 'ਤੇ ਹੈ। ਕੇਰਲ-ਤਾਮਿਲਨਾਡੂ ਸਰਹੱਦ, ਖਾਸਕਰ ਪਲੱਕੜ, ਤ੍ਰਿਸ਼ੂਰ ਤੇ ਐਰਨਾਕੁਲਮ ਜ਼ਿਲਿਆਂ 'ਚ ਜਾਂਚ ਪੜਤਾਲ ਤੇਜ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਬਰੀਮਾਲਾ ਤੇ ਗੁਰੂਵਾਯੂ ਮੰਦਰ ਸਣੇ ਆਵਾਜਾਈ ਸਥਾਨਾਂ, ਸੂਬੇ 'ਚ ਅਹਿਮ ਅਦਾਰਿਆਂ ਤੇ ਪੂਜਾ ਸਥਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।


author

Inder Prajapati

Content Editor

Related News