ਰਾਜਸਥਾਨ ਅਤੇ ਪੰਜਾਬ ਤੋਂ ਬਾਅਦ ਹਰਿਆਣਾ 'ਚ ਟਿੱਡੀ ਦਲ ਨੂੰ ਲੈ ਕੇ ਅਲਰਟ ਜਾਰੀ

02/07/2020 12:10:51 PM

ਫਤਿਹਾਬਾਦ—ਪਾਕਿਸਤਾਨ ਤੋਂ ਚੱਲਿਆ ਟਿੱਡੀ ਦਲ ਰਾਜਸਥਾਨ ਅਤੇ ਪੰਜਾਬ 'ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਕਿਸੇ ਵੀ ਸਮੇਂ ਹਰਿਆਣਾ 'ਚ ਦਾਖਲ ਹੋ ਸਕਦਾ ਹੈ। ਹਰਿਆਣਾ ਦੇ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਇਸ ਸਬੰਧੀ ਅਲਰਟ ਜਾਰੀ ਕਰ ਦਿੱਤਾ ਹੈ। ਕੰਟਰੋਲ ਅਤੇ ਸੂਚਨਾ ਲਈ ਨਿਗਰਾਨੀ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਟਿੱਡੀ ਦਲ ਨੂੰ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕਾਂ ਨੂੰ 50 ਫੀਸਦੀ ਸਬਸਿਡੀ 'ਤੇ ਕਿਸਾਨਾਂ ਨੂੰ ਉਪਲੱਬਧ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਖੇਤਾਂ ਦੀ ਜਾਂਚ ਕੀਤੀ ਜਾਵੇ ਅਤੇ ਟਿੱਡੀ ਦਿਸਣ 'ਤੇ ਤਰੁੰਤ ਸਥਾਨਿਕ ਖੇਤੀ ਵਿਕਾਸ ਅਧਿਕਾਰੀ, ਹਰਿਆਣਾ ਖੇਤੀ ਯੂਨੀਵਰਸਿਟੀ, ਹਿਸਾਰ ਦੇ ਖੇਤੀ ਵਿਗਿਆਨ ਕੇਂਦਰ ਜਾਂ ਉਪ ਖੇਤੀਬਾੜੀ ਡਾਇਰੈਕਟਰ ਅਤੇ ਕੰਟਰੋਲ ਰੂਮਾਂ ਨੂੰ ਜਾਣਕਾਰੀ ਦਿੱਤੀ ਜਾਵੇ। ਟਿੱਡੀ ਦਲ ਨੂੰ ਖੇਤ 'ਚ ਆਉਣ ਤੋਂ ਰੋਕਣ ਸਬੰਧੀ ਖੇਤਾਂ 'ਚ ਤੇਜ਼ ਆਵਾਜ਼ ਕਰਨ ਵਾਲੇ ਉਪਕਰਣਾਂ ਦੀ ਵਿਵਸਥਾ ਕੀਤੀ ਜਾਵੇ। ਕੰਟਰੋਲ ਲਈ ਕਿਸਾਨਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਟਿੱਡੀ ਦਿਸਣ 'ਤੇ ਕੰਟਰੋਲ ਰੂਮ ਨੂੰ ਜਾਣਕਾਰੀ ਜਰੂਰ ਦਿਓ।

ਉਨ੍ਹਾਂ ਨੇ ਕਿਹਾ ਹੈ ਕਿ ਹੈਫੇਡ, ਹਰਿਆਣਾ ਖੇਤੀ ਉਦਯੋਗ ਨਿਗਮ, ਹਰਿਆਣਾ ਬੀਜ ਵਿਕਾਸ ਨਿਗਮ ਅਤੇ ਹਰਿਆਣਾ ਭੂਮੀ ਸੁਧਾਰ ਵਿਕਾਸ ਨਿਗਮ ਦੇ ਰਾਹੀਂ ਟਿੱਡੀ ਦੇ ਕੰਟਰੋਲ ਲਈ ਕਲੋਰੀਪਾਈਰੀਫੋਸ 20 ਫੀਸਦੀ ਈ.ਸੀ ਅਤੇ ਕਲੋਰੀਪਾਈਰੀਫੋਸ 50 ਫੀਸਦੀ ਈ.ਸੀ ਦੇ ਸਟਾਕ ਦੀ ਵਿਵਸਥਾ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਕਿਸਾਨਾਂ ਨੂੰ 50 ਫੀਸਦੀ ਸਬਸਿਡੀ 'ਤੇ ਉਪਲੱਬਧ ਕਰਵਾਈ ਜਾ ਸਕੇ।

ਦਲਾਲ ਨੇ ਕਿਹਾ ਹੈ ਕਿ ਰਾਜਸਥਾਨ ਅਤੇ ਪੰਜਾਬ ਦੇ ਸਰਹੱਦੀ ਜ਼ਿਲਿਆਂ ਸਿਰਸਾ, ਫਤਿਹਾਬਾਦ, ਹਿਸਾਰ ਤੋਂ ਇਲਾਵਾ ਭਿਵਾਨੀ, ਮਹਿੰਦਰਗੜ੍ਹ, ਰੇਵਾੜੀ ਅਤੇ ਚਰਖੀ-ਦਾਦਰੀ ਜ਼ਿਲਿਆਂ ਦੇ ਨੇੜੇ ਦੇ ਖੇਤਰਾਂ 'ਚ ਪਹਿਲਾਂ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੇਤੀ ਵਿਭਾਗ ਨੇ ਟੋਲ ਫ੍ਰੀ ਨੰਬਰ 18001802117 'ਤੇ ਵੀ ਕਿਸਾਨਾਂ ਨੂੰ ਟਿੱਡੀ ਦਲ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚੌਧਰੀ ਚਰਣ ਸਿੰਘ ਖੇਤੀ ਯੂਨੀਵਰਸਿਟੀ, ਹਿਸਾਰ ਦੁਆਰਾ ਵੀ ਕਿਸਾਨ ਜਾਗਰੂਕਤਾ ਅਤੇ ਬਚਾਅ ਸੰਬੰਧੀ ਪ੍ਰੋਗਰਾਮ ਚਲਾਏ ਜਾ ਰਹੇ ਹਨ।


Iqbalkaur

Content Editor

Related News