ਦਿੱਲੀ ਹਵਾਈ ਅੱਡੇ ''ਤੇ ਵੱਡੀ ਕਾਰਵਾਈ: 48 ਕਰੋੜ ਰੁਪਏ ਦਾ ''ਹਾਈ-ਟੈਕ'' ਗਾਂਜਾ ਜ਼ਬਤ, ਦੋ ਥਾਈ ਨਾਗਰਿਕ ਗ੍ਰਿਫ਼ਤਾਰ
Saturday, May 23, 2026 - 07:31 PM (IST)
ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਲਗਭਗ 48 ਕਰੋੜ ਰੁਪਏ ਦੀ ਕੀਮਤ ਦਾ ਗਾਂਜਾ ਬਰਾਮਦ ਕੀਤਾ ਹੈ। ਅਧਿਕਾਰੀਆਂ ਅਨੁਸਾਰ, ਇਹ ਹਾਲ ਦੇ ਸਾਲਾਂ ਵਿੱਚ ਕਿਸੇ ਵੀ ਭਾਰਤੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਜ਼ਬਤੀ ਵਿੱਚੋਂ ਇੱਕ ਹੈ।
ਬੈਂਕਾਕ ਤੋਂ ਲਿਆਂਦਾ ਜਾ ਰਿਹਾ ਸੀ ਨਸ਼ਾ
ਇਹ ਨਸ਼ੀਲੇ ਪਦਾਰਥ ਬੈਂਕਾਕ ਤੋਂ ਆਏ ਦੋ ਥਾਈ ਨਾਗਰਿਕਾਂ ਕੋਲੋਂ ਬਰਾਮਦ ਕੀਤੇ ਗਏ ਹਨ, ਜੋ 22 ਮਈ ਨੂੰ ਦਿੱਲੀ ਉੱਤਰੇ ਸਨ। ਸ਼ੱਕ ਦੇ ਆਧਾਰ 'ਤੇ ਜਦੋਂ ਇਨ੍ਹਾਂ ਯਾਤਰੀਆਂ ਨੂੰ ਗ੍ਰੀਨ ਚੈਨਲ ਪਾਰ ਕਰਨ ਤੋਂ ਬਾਅਦ ਰੋਕ ਕੇ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ, ਤਾਂ ਉਨ੍ਹਾਂ ਕੋਲੋਂ ਛੇ ਵੈਕਿਊਮ-ਸੀਲਡ ਪੈਕੇਟ ਮਿਲੇ। ਇਨ੍ਹਾਂ ਪੈਕੇਟਾਂ ਵਿੱਚੋਂ ਕੁੱਲ 47.805 ਕਿਲੋਗ੍ਰਾਮ ਵਜ਼ਨੀ ਗਾਂਜਾ ਬਰਾਮਦ ਹੋਇਆ ਹੈ।
ਮਿੱਟੀ ਦੀ ਬਜਾਏ ਪਾਣੀ ਵਿੱਚ ਉਗਾਇਆ 'ਹਾਈ-ਪੋਟੈਂਸੀ' ਗਾਂਜਾ ਬਰਾਮਦ
ਗਾਂਜਾ ਕੋਈ ਆਮ ਕਿਸਮ ਦਾ ਨਹੀਂ, ਸਗੋਂ 'ਹਾਈਡ੍ਰੋਪੋਨਿਕ ਵੇਡ' (Hydroponic Weed) ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਮਿੱਟੀ ਦੀ ਬਜਾਏ ਪੋਸ਼ਕ ਤੱਤਾਂ ਨਾਲ ਭਰਪੂਰ ਪਾਣੀ ਵਿੱਚ ਉਗਾਇਆ ਜਾਂਦਾ ਹੈ, ਜਿਸ ਕਾਰਨ ਇਹ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ (high-potency) ਹੁੰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰ ਹੁਣ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਨਸ਼ਿਆਂ ਦੇ ਕਾਰੋਬਾਰ ਲਈ ਕਰ ਰਹੇ ਹਨ।
ਸੁਰੱਖਿਆ ਏਜੰਸੀਆਂ ਦੀ ਸਖ਼ਤ ਨਜ਼ਰ
ਦਿੱਲੀ ਏਅਰਪੋਰਟ ਦੇ ਕਸਟਮ ਕਮਿਸ਼ਨਰ ਅਰਵਿੰਦ ਸਰਨ ਨੇ ਕਿਹਾ ਕਿ ਹਵਾਈ ਅੱਡੇ 'ਤੇ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ ਨੂੰ ਰੋਕਣ ਲਈ ਅਧਿਕਾਰੀ 24 ਘੰਟੇ ਚੌਕਸੀ ਵਰਤ ਰਹੇ ਹਨ। ਫਿਲਹਾਲ ਦੋਵਾਂ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਇਸ ਗਿਰੋਹ ਦੇ ਹੋਰ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ।
