ਸ੍ਰੀ ਹੇਮਕੁੰਟ ਸਾਹਿਬ ’ਚ ਬਰਫ਼ਬਾਰੀ, ਖਰਾਬ ਮੌਸਮ ਕਾਰਨ ਯਾਤਰਾ ਰੁਕੀ

06/21/2022 9:41:55 AM

ਗੋਪੇਸ਼ਵਰ- ਉਤਰਾਖੰਡ ਵਿਚ ਖਰਾਬ ਮੌਸਮ ਕਾਰਨ ਸ੍ਰੀ ਹੇਮਕੁੰਟ ਗੁਰਦੁਆਰਾ ਸਾਹਿਬ ਦੀ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਨੂੰ ਸਾਵਧਾਨੀ ਵਜੋਂ ਮੰਜ਼ਿਲ ਤੋਂ 6 ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਵਿਚ ਸੋਮਵਾਰ ਸਵੇਰ ਤੋਂ ਹੀ ਮੀਂਹ ਅਤੇ ਬਰਫਬਾਰੀ ਪੈ ਰਹੀ ਹੈ, ਜਿਸ ਨਾਲ ਉੱਥੇ ਠੰਡ ਵਧ ਗਈ ਹੈ।

ਪੁਲਸ ਨੇ ਦੱਸਿਆ ਕਿ ਮੌਸਮ ਦੇ ਵਿਗੜੇ ਮਿਜਾਜ਼ ਕਾਰਨ ਤੀਰਥ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਘਾਂਘਰੀਆਂ ਵਿਚ ਹੀ ਰੁਕਣ ਨੂੰ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਵੀ ਹੇਮਕੁੰਟ ’ਚ ਮੌਸਮ ਖਰਾਬ ਰਿਹਾ। ਸੋਮਵਾਰ ਨੂੰ ਸਵੇਰੇ ਕੁਝ ਸਮਾਂ ਮੌਸਮ ਠੀਕ ਹੋਇਆ ਪਰ ਬਾਅਦ ਵਿਚ ਫਿਰ ਤੋਂ ਮੀਂਹ ਅਤੇ ਬਰਫਬਾਰੀ ਸ਼ੁਰੂ ਹੋ ਗਈ। ਯਾਤਰਾ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਘਾਂਘਰੀਆਂ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਅਤੇ ਸਵੇਰੇ ਹੇਮਕੁੰਟ ਸਾਹਿਬ ਲਈ ਨਿਕਲ ਗਏ ਤੀਰਥ ਯਾਤਰੀਆਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਲਈ ਸੂਬਾ ਆਫ਼ਤ ਪ੍ਰਬੰਧਨ ਬਲ ਦੇ ਜਵਾਨ ਭੇਜੇ ਗਏ ਹਨ। 

ਦੱਸ ਦੇਈਏ ਕਿ ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਲਈ ਲੰਬੀ ਪੈਦਲ ਯਾਤਰਾ ਕਰਨੀ ਪੈਂਦੀ ਹੈ। ਘਾਂਘਰੀਆਂ ਤੋਂ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ 6 ਕਿਲੋਮੀਟਰ ਹੈ, ਜੋ ਇਸ ਯਾਤਰਾ ਦਾ ਸਭ ਤੋਂ ਮੁਸ਼ਕਲ ਹਿੱਸਾ ਹੈ। ਸਮੁੰਦਰ ਤਲ ਤੋਂ ਤਕਰੀਬਨ 16 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ ਹੋਣ ਕਾਰਨ ਇੱਥੇ ਮੀਂਹ ਅਤੇ ਬਰਫਬਾਰੀ ਹੁੰਦੀ ਰਹਿੰਦੀ ਹੈ। 


Tanu

Content Editor

Related News