ਹੇਮੰਤ ਸੋਰੇਨ ਨੇ ਝਾਰਖੰਡ ਦੀ ਪੂਰੀ ਸਰਕਾਰ ਲੁਟੇਰਿਆਂ ਤੇ ਦਲਾਲਾਂ ਦੇ ਹੱਥਾਂ ''ਚ ਦਿੱਤੀ : ਅਮਿਤ ਸ਼ਾਹ
Saturday, Jan 07, 2023 - 05:53 PM (IST)
ਚਾਈਬਾਸਾ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਉਨ੍ਹਾਂ ਦੀ ਸਰਕਾਰ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਦੋਸ਼ ਲਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਹੇਮੰਤ ਸੋਰੇਨ ਨੇ ਝਾਰਖੰਡ ਦੀ ਪੂਰੀ ਸਰਕਾਰ ਲੁਟੇਰਿਆਂ ਅਤੇ ਦਲਾਲਾਂ ਦੇ ਹੱਥਾਂ 'ਚ ਦੇ ਦਿੱਤੀ ਹੈ। ਆਪਣੇ ਦੋ ਦਿਨਾਂ ਝਾਰਖੰਡ ਦੌਰੇ ਦੇ ਦੂਜੇ ਦਿਨ ਚਾਈਬਾਸਾ 'ਚ ਟਾਟਾ ਕਾਲਜ 'ਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਦੋਸ਼ ਲਾਇਆ ਕਿ ਇਸ ਸਮੇਂ ਝਾਰਖੰਡ 'ਚ ਭ੍ਰਿਸ਼ਟਾਚਾਰ ਆਪਣੇ ਸਿਖਰ ’ਤੇ ਹੈ। ਝਾਰਖੰਡ ’ਚ ਮਾਈਨਿੰਗ ਘਪਲੇ ਸਮੇਤ ਵੱਖ-ਵੱਖ ਮਾਮਲਿਆਂ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਦੌਰਾਨ ਮੁੱਖ ਮੰਤਰੀ ਨਾਲ ਜੁੜੇ ਲੋਕਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਿਲੇ ਸਬੂਤਾਂ ਵੱਲ ਇਸ਼ਾਰਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਹੇਮੰਤ ਭਾਈ ਦੀ ਸਰਕਾਰ ਨੇ ਕੀ ਕੰਮ ਕੀਤੇ ਹਨ? ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਕੀਤਾ। ਇਸ ਸਰਕਾਰ ਨੇ ਝਾਰਖੰਡ ਨੂੰ ਤਬਾਹ ਕਰ ਦਿੱਤਾ ਹੈ।
ਗ੍ਰਹਿ ਮੰਤਰੀ ਨੇ ਕੇਂਦਰ ਸਰਕਾਰ ਨੂੰ ਆਦਿਵਾਸੀਆਂ ਦੀ ਅਸਲ ਸ਼ੁਭਚਿੰਤਕ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਦਿਵਾਸੀਆਂ ਦੀ ਭਲਾਈ ਲਈ ਬਜਟ ਦੀ ਰਕਮ ਕਾਂਗਰਸ ਦੀਆਂ ਸਰਕਾਰਾਂ ਦੇ ਸਮੇਂ ਦੀ ਅੰਤਿਮ ਬਜਟ ਰਕਮ 21 ਹਜ਼ਾਰ ਕਰੋੜ ਰੁਪਏ ਤੋਂ ਵਧਾ ਕੇ 86 ਹਜ਼ਾਰ ਕਰੋੜ ਰੁਪਏ ਕਰ ਦਿੱਤੀ ਹੈ। ਸ਼ਾਹ ਨੇ ਕਿਹਾ,''ਸੋਰੇਨ ਦੀ ਆਦਿਵਾਸੀਆਂ ਅਤੇ ਗੈਰ-ਕਬਾਇਲੀਆਂ ਵਿਚਕਾਰ ਫ਼ਰਕ ਪੈਦਾ ਕਰਨ ਦੀ ਰਾਜਨੀਤੀ ਸਫ਼ਲ ਨਹੀਂ ਹੋਵੇਗੀ।''
ਸੋਰੇਨ ਸਰਕਾਰ ਨੂੰ ਉਨ੍ਹਾਂ ਘੁਸਪੈਠੀਆਂ ’ਤੇ ਲਗਾਮ ਕੱਸਣੀ ਚਾਹੀਦੀ ਹੈ ਜੋ ਆਦਿਵਾਸੀ ਔਰਤਾਂ ਨਾਲ ਵਿਆਹ ਕਰਵਾ ਕੇ ਜ਼ਮੀਨ ਹੜੱਪ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਧੀਨ ਸੀ.ਆਰ.ਪੀ.ਐਫ. ਨੇ ਝਾਰਖੰਡ 'ਚ ਖੱਬੇ ਪੱਖੀ ਅੱਤਵਾਦ ਦੀ ਕਮਰ ਤੋੜ ਦਿੱਤੀ ਹੈ। ਆਉਣ ਵਾਲੇ ਸਮੇਂ ’ਚ ਦੇਸ਼ 'ਚੋਂ ਨਕਸਲਵਾਦ ਖ਼ਤਮ ਹੋ ਜਾਵੇਗਾ। ਲੋਕ ਹੇਮੰਤ ਨੂੰ 2024 'ਚ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦੇਣਗੇ।