ਆਂਧਰਾ ਤੇ ਤੇਲੰਗਾਨਾ ’ਚ ਭਾਰੀ ਮੀਂਹ ਕਾਰਨ 31 ਮੌਤਾਂ, 4.5 ਲੱਖ ਲੋਕ ਪ੍ਰਭਾਵਿਤ
Tuesday, Sep 03, 2024 - 12:40 AM (IST)
ਹੈਦਰਾਬਾਦ/ਵਿਜੇਵਾੜਾ, (ਭਾਸ਼ਾ)- ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਸੋਮਵਾਰ 31 ਵਿਅਕਤੀਆਂ ਦੀ ਮੌਤ ਹੋ ਗਈ। ਸੜਕਾਂ ਅਤੇ ਰੇਲ ਪਟੜੀਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਕਈ ਥਾਈਂ ਰੇਲ ਤੇ ਸੜਕੀ ਸੰਪਰਕ ਟੁੱਟ ਗਿਆ ਹੈ। ਇਸ ਤੋਂ ਇਲਾਵਾ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਪਾਣੀ ’ਚ ਡੁੱਬ ਗਈ ਹੈ। ਬਚਾਅ ਤੇ ਮੁੜ ਵਸੇਬੇ ਦੇ ਕੰਮ ਲਈ ਜਵਾਨਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ।
ਤੇਲਗੂ ਭਾਸ਼ਾ ਬੋਲਣ ਵਾਲੇ ਦੋਵੇਂ ਸੂਬੇ ਸੋਮਵਾਰ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਏ। ਮੀਂਹ ਨਾਲ ਸਬੰਧਤ ਘਟਨਾਵਾਂ ’ਚ ਤੇਲੰਗਾਨਾ ’ਚ 16 ਤੇ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ’ਚ 15 ਵਿਅਕਤੀਆਂ ਦੀ ਮੌਤ ਹੋ ਗਈ। ਤੇਲੰਗਾਨਾ ਦੇ ਕੇਸਮੁਦਰਮ ਨੇੜੇ ਰੇਲ ਪਟੜੀਆਂ ਦੇ ਹੇਠਾਂ ਜ਼ਮੀਨ ਦਾ ਇਕ ਹਿੱਸਾ ਹੜ੍ਹ ਦੇ ਪਾਣੀ ’ਚ ਵਹਿ ਗਿਆ।
ਆਂਧਰਾ ਪ੍ਰਦੇਸ਼ ’ਚ ਕਰੀਬ 4.5 ਲੱਖ ਲੋਕ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਧ ਪ੍ਰਭਾਵਿਤ ਵਿਜੇਵਾੜਾ ਜ਼ਿਲਾ ਹੋਇਆ ਹੈ। ਇੱਥੇ ਦੁੱਧ ਸਮੇਤ ਜ਼ਰੂਰੀ ਵਸਤਾਂ ਲੈਣ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪਿਆ ਹੈ। ਹੋਰਨਾਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲਿਆਂ ’ਚ ਗੁੰਟੂਰ, ਕ੍ਰਿਸ਼ਨਾ, ਏਲੁਰੂ, ਪਲਨਾਡੂ, ਬਾਪਟਲਾ ਤੇ ਪ੍ਰਕਾਸ਼ਮ ਸ਼ਾਮਲ ਹਨ।
ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ 20 ਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ 19 ਟੀਮਾਂ ਰਾਹਤ ਤੇ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ।