ਅਗਲੇ 2 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 12 ਸੂਬਿਆਂ ਲਈ ਅਲਰਟ ਜਾਰੀ

Thursday, Apr 23, 2026 - 08:23 PM (IST)

ਅਗਲੇ 2 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 12 ਸੂਬਿਆਂ ਲਈ ਅਲਰਟ ਜਾਰੀ

ਨੈਸ਼ਨਲ ਡੈਸਕ- ਉੱਤਰ ਭਾਰਤ ਵਿੱਚ ਜਿੱਥੇ ਭਿਆਨਕ ਗਰਮੀ ਅਤੇ 'ਲੂ' ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਉੱਥੇ ਹੀ ਮੌਸਮ ਵਿਭਾਗ ਨੇ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਰਾਹਤ ਭਰੀ ਖ਼ਬਰ ਦਿੱਤੀ ਹੈ। ਅਗਲੇ 24 ਘੰਟਿਆਂ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਦੇਸ਼ ਦੇ ਲਗਭਗ 12 ਸੂਬਿਆਂ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ, ਜਿਸ ਨਾਲ ਬਾਰਿਸ਼, ਹਨ੍ਹੇਰੀ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ।

ਸੂਤਰਾਂ ਅਨੁਸਾਰ, 24 ਅਪ੍ਰੈਲ ਤੋਂ ਪਹਾੜੀ ਸੂਬਿਆਂ ਵਿੱਚ ਮੌਸਮ ਕਰਵਟ ਬਦਲ ਸਕਦਾ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੁਝ ਹਿੱਸਿਆਂ ਵਿੱਚ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਪੂਰਵ-ਉੱਤਰ ਅਤੇ ਦੱਖਣ ਭਾਰਤ 'ਚ ਮੀਂਹ ਦਾ ਅਲਰਟ

ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਨਾਗਾਲੈਂਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਮੌਸਮੀ ਗਤੀਵਿਧੀਆਂ ਕਾਰਨ ਤਾਪਮਾਨ ਕੰਟਰੋਲ ਵਿੱਚ ਹੈ। ਅਗਲੇ 24 ਘੰਟਿਆਂ ਵਿੱਚ ਇੱਥੇ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ, ਬਿਜਲੀ ਡਿੱਗਣ ਅਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਕੇਰਲ, ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਧੂੜ ਭਰੀ ਹਨ੍ਹੇਰੀ ਅਤੇ ਮੀਂਹ ਪੈਣ ਦੇ ਸੰਕੇਤ ਹਨ। 27 ਅਪ੍ਰੈਲ ਤੋਂ 2 ਮਈ ਦੇ ਵਿਚਕਾਰ ਦੱਖਣ ਭਾਰਤ ਵਿੱਚ ਮੌਸਮੀ ਗਤੀਵਿਧੀਆਂ ਹੋਰ ਵਧਣ ਦੀ ਉਮੀਦ ਹੈ।

ਭਾਵੇਂ ਕਿ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਯੂ.ਪੀ. ਵਿੱਚ ਫਿਲਹਾਲ ਤਾਪਮਾਨ 40 ਤੋਂ 45 ਡਿਗਰੀ ਦੇ ਵਿਚਕਾਰ ਹੈ, ਪਰ ਵੀਕੈਂਡ ਤੋਂ ਮੌਸਮ ਵਿੱਚ ਬਦਲਾਅ ਆਉਣ ਦੀ ਉਮੀਦ ਹੈ।

ਦਿੱਲੀ-ਐੱਨ.ਸੀ.ਆਰ.: ਦਿੱਲੀ-ਐਨ.ਸੀ.ਆਰ. ਵਿੱਚ 26 ਅਪ੍ਰੈਲ ਤੋਂ ਮੌਸਮ ਬਦਲ ਸਕਦਾ ਹੈ। ਐਤਵਾਰ ਤੋਂ ਮੰਗਲਵਾਰ ਤੱਕ ਬੱਦਲ ਛਾਏ ਰਹਿਣ ਅਤੇ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਤੋਂ ਮਾਮੂਲੀ ਰਾਹਤ ਮਿਲੇਗੀ।

ਉੱਤਰ ਪ੍ਰਦੇਸ਼: ਯੂ.ਪੀ. ਵਿੱਚ ਵੀ 26 ਅਪ੍ਰੈਲ ਤੋਂ ਪੱਛਮੀ ਹਿੱਸਿਆਂ ਵਿੱਚ ਹਨ੍ਹੇਰੀ ਅਤੇ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋ ਸਕਦੀਆਂ ਹਨ, ਜੋ 28 ਅਪ੍ਰੈਲ ਤੱਕ ਪੂਰੇ ਸੂਬੇ ਵਿੱਚ ਅਸਰ ਦਿਖਾਉਣਗੀਆਂ।

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ ਪ੍ਰੀ-ਮਾਨਸੂਨ ਦੀਆਂ ਗਤੀਵਿਧੀਆਂ ਜਲਦ ਹੀ ਦਸਤਕ ਦੇ ਸਕਦੀਆਂ ਹਨ, ਜਿਸ ਨਾਲ ਅੱਤ ਦੀ ਗਰਮੀ ਤੋਂ ਝੁਲਸ ਰਹੇ ਲੋਕਾਂ ਨੂੰ ਕੁਝ ਸਮੇਂ ਲਈ ਸੁਖਦ ਅਹਿਸਾਸ ਹੋਵੇਗਾ।


author

Rakesh

Content Editor

Related News