ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਢਾਹਿਆ ਕਹਿਰ ! ਸਕਿੰਟਾਂ ''ਚ ਢਹਿ-ਢੇਰੀ ਹੋ ਗਈ ਬਹੁ-ਮੰਜ਼ਿਲਾ ਇਮਾਰਤ
Monday, Aug 25, 2025 - 12:49 PM (IST)

ਨੈਸ਼ਨਲ ਡੈਸਕ- ਉੱਤਰੀ ਭਾਰਤ 'ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਸੂਬੇ ਹੜ੍ਹ ਵਰਗੀ ਸਥਿਤੀ ਨਾਲ ਨਜਿੱਠ ਰਹੇ ਹਨ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਹੋਈ ਭਾਰੀ ਬਾਰਿਸ਼ ਕਾਰਨ ਵੀ ਜਨਜੀਵਨ ਪ੍ਰਭਾਵਿਤ ਹੋਇਆ ਹੈ। ਧਰਮਸ਼ਾਲਾ ਵਿੱਚ ਵੀ ਨਦੀਆਂ ਅਤੇ ਨਾਲੇ ਖ਼ਤਰੇ ਦੇ ਨਿਸ਼ਾਨ ਤੱਕ ਵਗ ਰਹੇ ਹਨ ਤੇ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ, ਜਦਕਿ ਕਈ ਲੋਕਾਂ ਦੇ ਘਰ ਵਹਿ ਗਏ ਹਨ ਅਤੇ ਕਈ ਸੜਕਾਂ ਵੀ ਬੰਦ ਹਨ।
ਇਸੇ ਦੌਰਾਨ ਭਾਰੀ ਬਾਰਿਸ਼ ਦੇ ਕਹਿਰ ਕਾਰਨ HRTC ਵਰਕਸ਼ਾਪ ਦੇ ਨੇੜੇ ਇੱਕ ਬਹੁ-ਮੰਜ਼ਿਲਾ ਇਮਾਰਤ ਵੀ ਢਹਿ-ਢੇਰੀ ਹੋ ਗਈ। ਪ੍ਰਸ਼ਾਸਨ ਵੱਲੋਂ ਇਸ ਇਮਾਰਤ ਨੂੰ ਪਹਿਲਾਂ ਹੀ ਅਸੁਰੱਖਿਅਤ ਐਲਾਨਿਆ ਗਿਆ ਸੀ। ਇਹ ਹਾਦਸਾ ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹੋਇਆ। ਜ਼ਮੀਨ ਖਿਸਕਣ ਕਾਰਨ ਧਰਮਸ਼ਾਲਾ-ਚੜੀ ਸੜਕ ਵੀ ਬੰਦ ਹੋ ਗਈ ਸੀ, ਜਿਸਦਾ ਡਿਪਟੀ ਕਮਿਸ਼ਨਰ ਹੇਮਰਾਜ ਬੈਰਵਾ ਦੀ ਅਗਵਾਈ ਵਿੱਚ ਅਧਿਕਾਰੀਆਂ ਨੇ ਦੌਰਾ ਕੀਤਾ। ਗਨਿਮਤ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ- ਸਫ਼ਰ, ਖੇਡ, ਮਿਊਜ਼ਿਕ ਪ੍ਰੋਗਰਾਮ ਤੇ ਪੱਬਾਂ 'ਚ ਜਾਣ 'ਤੇ Ban ! ਪ੍ਰਸ਼ਾਸਨ ਨੇ ਲਿਆ ਸਖ਼ਤ ਫ਼ੈਸਲਾ
ਇਸ ਦੇ ਨਾਲ ਹੀ ਸ਼ਾਹਪੁਰ ਵਿਧਾਨ ਸਭਾ ਹਲਕੇ ਦੇ ਗ੍ਰਾਮ ਪੰਚਾਇਤ ਸੁਧੇੜ ਦੇ ਧਾਰ ਚਾਚੋਟ ਪਿੰਡ ਵਿੱਚ ਵੀ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ। ਇੱਥੇ ਅਰਜੁਨ ਕੁਮਾਰ ਦਾ ਚਾਰ ਕਮਰਿਆਂ ਵਾਲਾ ਸਲੇਟ ਨਾਲ ਢੱਕਿਆ ਘਰ ਨੁਕਸਾਨਿਆ ਗਿਆ ਅਤੇ ਉਸਦੀ ਗਊਸ਼ਾਲਾ ਢਹਿ ਜਾਣ ਕਾਰਨ 15 ਭੇਡਾਂ-ਬੱਕਰੀਆਂ ਦੀ ਮੌਤ ਹੋ ਗਈ। ਉਸੇ ਪਿੰਡ ਵਿੱਚ ਤਿਲਕ ਰਾਜ ਦੇ ਘਰ ਨੂੰ ਵੀ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਸ਼ਾਹਪੁਰ ਦੇ ਵਿਧਾਇਕ ਕੇਵਲ ਸਿੰਘ ਪਠਾਨੀਆ, ਐੱਸ.ਡੀ.ਐੱਮ. ਧਰਮਸ਼ਾਲਾ ਮੋਹਿਤ ਰਤਨ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਵਿਧਾਇਕ ਨੇ ਪ੍ਰਭਾਵਿਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਰਜੁਨ ਕੁਮਾਰ ਦੇ ਘਰ ਅਤੇ ਗਊਸ਼ਾਲਾ ਨੂੰ ਦੁਬਾਰਾ ਬਣਾਇਆ ਜਾਵੇਗਾ। ਨਾਲ ਹੀ ਭੇਡਾਂ-ਬੱਕਰੀਆਂ ਦੀ ਮੌਤ 'ਤੇ ਦਿੱਤੀ ਜਾਣ ਵਾਲੀ ਸਰਕਾਰੀ ਰਾਹਤ ਰਾਸ਼ੀ ਇੱਕ ਹਫ਼ਤੇ ਦੇ ਅੰਦਰ ਪਰਿਵਾਰ ਨੂੰ ਦਿੱਤੀ ਜਾਵੇਗੀ।
ਉੱਨ ਫੈਡਰੇਸ਼ਨ ਦੇ ਪ੍ਰਧਾਨ ਮਨੋਜ ਕੁਮਾਰ ਨੇ ਵੀ ਪ੍ਰਭਾਵਿਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਤੋਂ ਬਾਅਦ, ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟਿਆ ਹੋਇਆ ਹੈ। ਸਥਾਨਕ ਲੋਕਾਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਰਹਿਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e