ਝਾਰਖੰਡ ''ਚ ਮੋਹਲੇਧਾਰ ਮੀਂਹ, ਆਸਮਾਨੀ ਬਿਜਲੀ ਡਿੱਗਣ ਨਾਲ 8 ਲੋਕਾਂ ਦੀ ਮੌਤ

Monday, Oct 02, 2023 - 02:02 PM (IST)

ਰਾਂਚੀ- ਝਾਰਖੰਡ 'ਚ ਮੋਹਲੇਧਾਰ ਮੀਂਹ ਅਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਪਿਛਲੇ 24 ਘੰਟਿਆਂ 'ਚ ਰਾਂਚੀ ਵਾਸੀ ਇਕ ਵਿਅਕਤੀ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਝਾਰਖੰਡ ਦੇ ਕਈ ਹਿੱਸਿਆਂ ਵਿਚ ਸ਼ਨੀਵਾਰ ਸ਼ਾਮ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਕਈ ਪੁਲ ਨੁਕਸਾਨੇ ਗਏ ਅਤੇ ਕਈ ਲੋਕਾਂ ਦੀ ਜਾਨ ਵੀ ਚੱਲੀ ਗਈ। ਰਾਂਚੀ ਦੇ ਲਾਲਪੁਰ ਇਲਾਕੇ 'ਚ ਐਤਵਾਰ ਨੂੰ ਇਕ 28 ਸਾਲਾ ਨੌਜਵਾਨ ਨਾਲੇ 'ਚ ਡਿੱਗ ਗਿਆ ਅਤੇ ਉਸ ਦੀ ਲਾਸ਼ ਸੋਮਵਾਰ ਸਵੇਰੇ ਘਟਨਾ ਵਾਲੀ ਥਾਂ ਤੋਂ ਲੱਗਭਗ 2.5 ਕਿਲੋਮੀਟਰ ਦੂਰ ਬਰਾਮਦ ਕੀਤੀ ਗਈ।

ਮ੍ਰਿਤਕ ਦੀ ਪਛਾਣ ਦੇਵ ਪ੍ਰਸਾਦ ਉਰਫ਼ ਛੋਟੂ ਦੇ ਰੂਪ 'ਚ ਹੋਈ। ਗੋਂਡਾ ਪੁਲਸ ਥਾਣਾ ਮੁਖੀ ਰਵੀ ਠਾਕੁਰ ਨੇ ਦੱਸਿਆ ਕਿ ਵਿਅਕਤੀ ਦੀ ਲਾਸ਼ ਅੱਜ ਸਵੇਰੇ ਬਰਾਮਦ ਕੀਤੀ ਗਈ। ਪੁਲਸ ਨੇ ਦੱਸਿਆ ਕਿ ਝਾਰਖੰਡ ਦੇ ਜਾਮਤਾੜਾ ਜ਼ਿਲ੍ਹੇ 'ਚ ਐਤਵਾਰ ਨੂੰ ਆਸਮਾਨੀ ਬਿਜਲੀ ਡਿੱਗਣ ਨਾਲ ਇਕ ਔਰਤ ਅਤੇ 3 ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੀ ਉਮਰ ਡੇਢ ਤੋਂ 7 ਸਾਲ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਬੋਕਾਰੋ ਜ਼ਿਲ੍ਹੇ 'ਚ ਇਕ ਕੱਚੇ ਘਰ ਦੀ ਕੰਧ ਡਿੱਗਣ ਨਾਲ ਇਕ ਬੱਚੇ ਦੀ ਮੌਤ ਹੋ ਗਈ, ਜਦੋਂ ਕਿ ਪਲਾਮੂ ਜ਼ਿਲ੍ਹੇ ਦੇ ਮਾਇਆਪੁਰ ਪਿੰਡ 'ਚ 9 ਅਤੇ 12 ਸਾਲ ਦੀਆਂ ਦੋ ਕੁੜੀਆਂ ਤਾਲਾਬ 'ਚ ਡੁੱਬ ਗਈਆਂ।

ਮੋਹਲੇਧਾਰ ਮੀਂਹ ਵਿਚ ਕਈ ਪੁਲ ਵੀ ਵਹਿ ਗਏ। ਲਗਾਤਾਰ ਮੀਂਹ ਕਾਰਨ ਐਤਵਾਰ ਰਾਤ ਰਾਂਚੀ ਦੇ ਰਾਤੂ ਇਲਾਕੇ 'ਚ ਨੈਸ਼ਨਲ ਹਾਈਵੇਅ-39 'ਤੇ ਰਾਂਚੀ-ਡਾਲਟਨਗੰਜ ਹਾਈਵੇਅ 'ਤੇ ਆਵਾਜਾਈ ਪ੍ਰਭਾਵਿਤ ਹੋਈ। ਸੂਬੇ ਦੀਆਂ ਕਈ ਨਦੀਆਂ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਕਰੀਬ ਪਹੁੰਚ ਗਿਆ ਹੈ।


Tanu

Content Editor

Related News