ਹਿਮਾਚਲ ''ਚ ਮੋਹਲੇਧਾਰ ਮੀਂਹ; ਸੜਕਾਂ, ਬਿਜਲੀ ਸਪਲਾਈ ਠੱਪ, ਯੈਲੋ ਅਲਰਟ ਜਾਰੀ

Saturday, Aug 17, 2024 - 04:12 PM (IST)

ਹਿਮਾਚਲ- ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਨੇ ਤਬਾਹੀ ਮਚਾਈ ਹੈ। ਦੱਸ ਦੇਈਏ ਕਿ ਸੂਬੇ ਵਿਚ ਜ਼ਮੀਨ ਖਿਸਕਣ ਕਾਰਨ ਇਕ ਨੈਸ਼ਨਲ ਹਾਈਵੇਅ ਅਤੇ 132 ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਠੱਪ ਹੈ। ਇਸ ਤੋਂ ਇਲਾਵਾ 1235 ਬਿਜਲੀ ਟਰਾਂਸਫਾਰਮਰ ਪ੍ਰਭਾਵਿਤ ਹੋਏ ਹਨ। ਸੂਬੇ ਵਿਚ 10 ਜਲ ਸਪਲਾਈ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਸ਼ਿਮਲਾ, ਊਨਾ, ਮੰਡੀ, ਕੁੱਲੂ ਅਤੇ ਹਮੀਰਪੁਰ ਜ਼ਿਲ੍ਹਿਆਂ ਵਿਚ ਸਭ ਤੋਂ ਜ਼ਿਆਦਾ ਬਿਜਲੀ ਟਰਾਂਸਫਾਰਮਰ ਠੱਪ ਹਨ। ਸੜਕਾਂ, ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।

ਦੁਕਾਨਾਂ ਅਤੇ ਘਰ ਖਾਲੀ ਕਰਵਾ ਲਏ ਗਏ

ਰਾਮਪੁਰ ਸਬ-ਡਵੀਜ਼ਨ ਦੇ ਡਮਰਾਲੀ ਡਰੇਨ 'ਚ ਸ਼ੁੱਕਰਵਾਰ ਰਾਤ ਕਰੀਬ 8 ਵਜੇ ਬੱਦਲ ਫਟਣ ਕਾਰਨ ਡਰੇਨ ਦਾ ਪਾਣੀ ਦਾ ਪੱਧਰ ਵਧਣ ਕਾਰਨ ਨੋਗਲੀ-ਤਕਲੇਚ ਸੜਕ ਦਾ ਕਰੀਬ 30 ਮੀਟਰ ਹਿੱਸਾ ਢਹਿ ਗਿਆ। ਪ੍ਰਸ਼ਾਸਨ ਨੇ ਨੋਗਲੀ ਨੇੜੇ ਅਲਰਟ ਜਾਰੀ ਕਰ ਦਿੱਤਾ ਹੈ। ਨੋਗਲੀ ਬਾਜ਼ਾਰ ਦੀਆਂ ਕੁਝ ਦੁਕਾਨਾਂ ਅਤੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਲੋਕ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ, 6 ਪੰਚਾਇਤਾਂ ਵਿਚ ਬਿਜਲੀ ਗੁੱਲ ਹੈ। ਟਾਵਰ ਖਰਾਬ ਹੋਣ ਕਾਰਨ ਮੋਬਾਈਲ ਸਿਗਨਲ ਨਹੀਂ ਹਨ।

ਕਈ ਹਿੱਸਿਆਂ 'ਚ ਮੋਹਲੇਧਾਰ ਮੀਂਹ ਦਾ ਯੈਲੋ ਅਲਰਟ

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ ਤੋਂ 23 ਅਗਸਤ ਤੱਕ ਕੁਝ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਸਥਾਨਕ ਲੋਕਾਂ ਨੇ ਸੈਲਾਨੀਆਂ ਨੂੰ ਨਦੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
 


Tanu

Content Editor

Related News