ਮੋਹਲੇਧਾਰ ਮੀਂਹ ਦੀ ਭਵਿੱਖਬਾਣੀ, IMD ਵਲੋਂ ''ਯੈਲੋ ਅਲਰਟ'' ਜਾਰੀ
Sunday, Jun 15, 2025 - 12:07 PM (IST)

ਮੁੰਬਈ- ਮੁੰਬਈ ਦੇ ਕੁਝ ਹਿੱਸਿਆਂ ਵਿਚ ਸ਼ਨੀਵਾਰ ਦੇਰ ਰਾਤ ਮੋਹਲੇਧਾਰ ਮੀਂਹ ਪਿਆ ਅਤੇ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਸ਼ਹਿਰ ਵਿਚ ਕੁਝ ਥਾਵਾਂ 'ਤੇ ਹੋਰ ਵੱਧ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਨਗਰ ਨਿਗਮ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। IMD ਨੇ ਮੁੰਬਈ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ, ਕੁਝ ਥਾਵਾਂ 'ਤੇ ਮੋਹਲੇਧਾਰ ਮੀਂਹ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਗੁਆਂਢੀ ਜ਼ਿਲ੍ਹਿਆਂ ਠਾਣੇ, ਰਾਏਗੜ੍ਹ ਅਤੇ ਪਾਲਘਰ ਲਈ 'ਆਰੇਂਜ ਅਲਰਟ' ਜਾਰੀ ਕੀਤਾ ਗਿਆ ਹੈ, ਜਿੱਥੇ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਮੁੰਬਈ ਦੇ ਕੁਝ ਹਿੱਸਿਆਂ ਵਿਚ ਰਾਤ ਭਰ ਗਰਜ ਅਤੇ ਬਿਜਲੀ ਲਿਸ਼ਕਣ ਦੇ ਨਾਲ ਮੀਂਹ ਪਿਆ।
ਹਾਲਾਂਕਿ ਸਵੇਰ ਤਕ ਮੀਂਹ ਦੀ ਤੀਬਰਤਾ ਘੱਟ ਗਈ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿਚ ਕਿਤੇ ਵੀ ਜ਼ਿਆਦਾ ਪਾਣੀ ਭਰਨ ਦੀ ਕੋਈ ਰਿਪੋਰਟ ਨਹੀਂ ਹੈ। ਨਗਰ ਨਿਗਮ ਅਧਿਕਾਰੀਆਂ ਅਨੁਸਾਰ ਐਤਵਾਰ ਸਵੇਰੇ 8 ਵਜੇ ਤੱਕ 24 ਘੰਟਿਆਂ ਦੀ ਮਿਆਦ ਵਿਚ ਦੱਖਣੀ ਮੁੰਬਈ 'ਚ 31 ਮਿਲੀਮੀਟਰ, ਪੂਰਬੀ ਉਪਨਗਰਾਂ 'ਚ 21 ਮਿਲੀਮੀਟਰ ਅਤੇ ਪੱਛਮੀ ਉਪਨਗਰਾਂ 'ਚ 20 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਐਤਵਾਰ ਦੁਪਹਿਰ 2.52 ਵਜੇ ਸਮੁੰਦਰ 'ਚ 4.27 ਮੀਟਰ ਤੱਕ ਲਹਿਰਾਂ ਉੱਠ ਸਕਦੀਆਂ ਹਨ, ਜਦੋਂ ਕਿ ਰਾਤ 8.55 ਵਜੇ 1.91 ਮੀਟਰ ਤੱਕ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਰਾਤ 2.37 ਵਜੇ 3.55 ਮੀਟਰ ਤੱਕ ਉੱਚੀਆਂ ਲਹਿਰਾਂ ਉੱਠਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਸਵੇਰੇ 8.20 ਵਜੇ 1.06 ਮੀਟਰ ਤੱਕ ਘੱਟ ਲਹਿਰਾਂ ਉੱਠਣ ਦੀ ਸੰਭਾਵਨਾ ਹੈ।