ਟਰੱਕ ਤੇ ਆਟੋ ਰਿਕਸ਼ਾ ਦੀ ਹੋਈ ਜ਼ਬਰਦਸਤ ਟੱਕਰ, 8 ਲੋਕਾਂ ਦੀ ਮੌਤ

Tuesday, Sep 24, 2024 - 09:32 PM (IST)

ਟਰੱਕ ਤੇ ਆਟੋ ਰਿਕਸ਼ਾ ਦੀ ਹੋਈ ਜ਼ਬਰਦਸਤ ਟੱਕਰ, 8 ਲੋਕਾਂ ਦੀ ਮੌਤ

ਦਮੋਹ — ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਟਰੱਕ ਅਤੇ ਆਟੋ-ਰਿਕਸ਼ਾ ਵਿਚਾਲੇ ਹੋਈ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦਮੋਹ ਦੇ ਪੁਲਸ ਸੁਪਰਡੈਂਟ ਸ਼ਰੁਤੀਕੀਰਤੀ ਸੋਮਵੰਸ਼ੀ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਡੇਢ ਤੋਂ ਦੋ ਵਜੇ ਦਰਮਿਆਨ ਸਮਾਣਾ ਪਿੰਡ ਨੇੜੇ ਵਾਪਰੀ। ਸੜਕ 'ਤੇ ਬਣੇ ਵਿਸ਼ੇਸ਼ ਗਲਿਆਰੇ ਰਾਹੀਂ ਜ਼ਖਮੀ ਲੋਕਾਂ ਨੂੰ ਜਬਲਪੁਰ ਲਿਜਾਇਆ ਗਿਆ।

ਅਧਿਕਾਰੀ ਨੇ ਦੱਸਿਆ, ''ਪੁਲਸ ਕਰਮਚਾਰੀ ਅਤੇ ਪਿੰਡ ਵਾਸੀ ਬਚਾਅ ਕਾਰਜ ਸ਼ੁਰੂ ਕਰਨ ਲਈ ਮੌਕੇ 'ਤੇ ਪਹੁੰਚੇ। ਪੁਲਸ ਮੁਤਾਬਕ ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ 'ਚੋਂ ਪੰਜ ਪਰਿਵਾਰਕ ਮੈਂਬਰ ਅਤੇ ਤਿੰਨ ਨਾਬਾਲਗ ਸਨ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਟਰੱਕ ਡਰਾਈਵਰ ਨੀਰਜ ਸਿੰਘ ਲੋਧੀ (22) ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਸੀ।

ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਾਜੀ ਗੁਪਤਾ (12), ਹੋਰੀਲਾਲ ਗੁਪਤਾ, ਰਾਜੇਸ਼ ਗੁਪਤਾ (50), ਗਾਇਤਰੀ ਗੁਪਤਾ (40), ਆਲੋਕ ਗੁਪਤਾ (40), ਸ਼ਿਵਾ ਗੁਪਤਾ (13), ਮਹਿੰਦਰ ਗੁਪਤਾ (5) ਅਤੇ ਗੀਤਾ ਰਾਣੀ ਵਜੋਂ ਹੋਈ ਹੈ। ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਮੋਹਨ ਯਾਦਵ ਨੇ ਅਧਿਕਾਰੀਆਂ ਨੂੰ ਲਾਪਰਵਾਹੀ ਕਰਨ ਵਾਲੇ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਦੇ ਇਲਾਜ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।


author

Inder Prajapati

Content Editor

Related News