ਹਰਿਆਣਾ ਦੇ ਦੰਗਲ ’ਚ ਭਾਜਪਾ ’ਤੇ ਭਾਰੀ ਪੈ ਸਕਦੀ ਹੈ ਬੇਰੋਜ਼ਗਾਰੀ, ਪੁਰਾਣੀ ਪੈਨਸ਼ਨ ਅਤੇ ਕੋਟੇ ਸਮੇਤ 5 ਮੁੱਦੇ

Friday, Apr 12, 2024 - 05:12 PM (IST)

ਹਰਿਆਣਾ ਦੇ ਦੰਗਲ ’ਚ ਭਾਜਪਾ ’ਤੇ ਭਾਰੀ ਪੈ ਸਕਦੀ ਹੈ ਬੇਰੋਜ਼ਗਾਰੀ, ਪੁਰਾਣੀ ਪੈਨਸ਼ਨ ਅਤੇ ਕੋਟੇ ਸਮੇਤ 5 ਮੁੱਦੇ

ਰੋਹਤਕ- ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ’ਤੇ 25 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੂਬੇ ’ਚ ਸਿਆਸੀ ਘਮਸਾਨ ਮਚਿਆ ਹੋਇਆ ਹੈ। ਜਨ ਨਾਇਕ ਜਨਤਾ ਪਾਰਟੀ ’ਚ ਵੀ ਘਮਸਾਨ ਮਚਿਆ ਹੋਇਆ ਹੈ ਅਤੇ ਪਾਰਟੀ ਦਾ ਸਿਆਸੀ ਭਵਿੱਖ ਖਤਰੇ ’ਚ ਨਜ਼ਰ ਆ ਰਿਹਾ ਹੈ। ਭਾਜਪਾ ਨੇ ਜਨਤਾ ਦੀ ਨਾਰਾਜ਼ਗੀ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਕਈ ਮੰਤਰੀਆਂ ਨੂੰ ਹਟਾ ਦਿੱਤਾ ਹੈ ਪਰ ਇਸ ਦੇ ਬਾਵਜੂਦ ਹਰਿਆਣਾ ’ਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਕਿਸਾਨਾਂ ਵਲੋਂ ਪਿੰਡਾਂ ’ਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਚੋਣਾਂ ’ਚ 5 ਮੁੱਖ ਮੁੱਦੇ ਉਭਰ ਕੇ ਸਾਹਮਣੇ ਆ ਰਹੇ ਹਨ।

1. ਬੇਰੋਜ਼ਗਾਰੀ ਦਾ ਮੁੱਦਾ

ਪਿਛਲੇ ਕਈ ਦਹਾਕਿਆਂ ਤੋਂ ਹਰਿਆਣਾ ਦੇ ਨੌਜਵਾਨਾਂ ਦਾ ਰੁਝਾਨ ਫੌਜ ਵੱਲ ਰਿਹਾ ਹੈ ਅਤੇ ਹਰਿਆਣਾ ਦੇ ਕਈ ਨੌਜਵਾਨ ਫੌਜ ’ਚ ਹਨ ਅਤੇ ਕਈ ਨੌਜਵਾਨ ਫੌਜ ’ਚ ਉੱਚ ਅਹੁਦਿਆਂ ’ਤੇ ਦੇਸ਼ ਦੀ ਸੇਵਾ ਕਰ ਰਹੇ ਹਨ ਪਰ ਕੇਂਦਰ ਸਰਕਾਰ ਵਲੋਂ ਲਾਂਚ ਕੀਤੀ ਗਈ ਅਗਨੀਵੀਰ ਯੋਜਨਾ ਦੇ ਕਾਰਨ ਨੌਜਵਾਨਾਂ ’ਚ ਗੁੱਸਾ ਹੈ ਕਿਉਂਕਿ ਇਸ ਯੋਜਨਾ ਦੇ ਤਹਿਤ ਫੌਜ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਆਪਣਾ ਭਵਿੱਖ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ। ਨੌਜਵਾਨਾਂ ਕੋਲ ਨੌਕਰੀ ਦੇ ਮੌਕੇ ਘੱਟ ਹੋਣ ਦੇ ਕਾਰਨ ਇਹ ਚੋਣਾਂ ’ਚ ਇਕ ਵੱਡਾ ਮੁੱਦਾ ਬਣ ਰਿਹਾ ਹੈ।

2. ਪੁਰਾਣੀ ਪੈਨਸ਼ਨ ਦਾ ਮੁੱਦਾ

ਹਰਿਆਣਾ ’ਚ ਸਰਕਾਰੀ ਨੌਕਰੀ ਕਰਨ ਵਾਲਿਆਂ ਅਤੇ ਪੈਸ਼ਨਰਜ਼ ਦੇ ਪਰਿਵਾਰਾਂ ਦੀਆਂ ਲਗਭਗ 25 ਲੱਖ ਵੋਟਾਂ ਹਨ ਅਤੇ ਸੂਬੇ ’ਚ ਪੁਰਾਣੀ ਪੈਨਸ਼ਨ ਸਕੀਮ ਦਾ ਮੁੱਦਾ ਦੂਜਾ ਵੱਡਾ ਮੁੱਦਾ ਹੋ ਸਕਦਾ ਹੈ। ਹਰਿਆਣਾ ਦੇ ਗੁਆਂਢੀ ਸੂਬਿਆਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੇ ਪੁਰਾਣੀ ਪੈਨਸ਼ਨ ਸਕੀਮ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ’ਚ ਇਸ ਸਮੇਂ 3.25 ਲੱਖ ਲੋਕ ਸਰਕਾਰੀ ਨੌਕਰੀ ’ਚ ਹਨ ਅਤੇ 4 ਲੱਖ ਦੇ ਲਗਭਗ ਪੈਨਸ਼ਨਰ ਹਨ। ਇਹ ਪੈਨਸ਼ਨਰ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਕਰ ਰਹੇ ਹਨ।

3. ਨੌਕਰੀਆਂ ’ਚ ਕੋਟੇ ਦਾ ਮੁੱਦਾ

ਹਰਿਆਣਾ ਦੇ ਜਾਟ ਇਸ ਸਮੇਂ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਨਾਂ ’ਚ ਦਾਖਲੇ ਲਈ ਕੋਟੇ ਦੀ ਵੀ ਮੰਗ ਕਰ ਰਹੇ ਹਨ। ਕਾਂਗਰਸ ਦੀ ਸਰਕਾਰ ਨੇ ਜਾਟਾਂ ਲਈ ਕੋਟੇ ਦਾ ਐਲਾਨ ਕੀਤਾ ਸੀ ਪਰ ਅਦਾਲਤ ਨੇ ਇਸ ’ਤੇ ਸਟੇਅ ਲਗਾ ਦਿੱਤਾ। ਜਾਟਾਂ ਦੀ ਇਹ ਧਾਰਨਾ ਹੈ ਕਿ ਭਾਜਪਾ ਦੀ ਸਰਕਾਰ ਨੇ ਇਸ ਸਟੇਅ ਨੂੰ ਰੁਕਵਾਉਣ ਲਈ ਗੰਭੀਰਤਾ ਨਾਲ ਕਦਮ ਨਹੀਂ ਚੁੱਕੇ। ਹਰਿਆਣਾ ਦੇ ਜਾਟ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਵਲੋਂ ਮਰਾਠੀ ਭਾਈਚਾਰੇ ਲਈ ਦਿੱਤੇ ਗਏ ਕੋਟੇ ਦੀ ਤੁਲਨਾ ਹਰਿਆਣਾ ਦੇ ਜਾਟਾਂ ਨਾਲ ਕਰ ਰਹੇ ਹਨ।

4. ਜਾਟ-ਗੈਰ-ਜਾਟ ਵੋਟਾਂ ਦੇ ਧਰੁਵੀਕਰਨ ਦਾ ਮੁੱਦਾ

ਹਰਿਆਣਾ ’ਚ ਇਹ ਆਮ ਧਾਰਨਾ ਹੈ ਕਿ ਭਾਜਪਾ ਨੇ ਜਾਟਾਂ ਅਤੇ ਗੈਰ-ਜਾਟਾਂ ਦੇ ਵਿਚਾਲੇ ਬਟਵਾਰਾ ਕਰਵਾ ਦਿੱਤਾ ਹੈ ਅਤੇ ਭਾਜਪਾ ਨੇ ਸੂਬੇ ਦੇ ਸਾਰੇ ਉੱਚ ਅਹੁਦਿਆਂ ’ਤੇ ਜੋ ਨਿਯੁਕਤੀਆਂ ਕੀਤੀਆਂ ਹਨ, ਉਨ੍ਹਾਂ ’ਚ ਜਾਤੀ ਦਾ ਖਾਸ ਧਿਆਨ ਰੱਖਿਆ ਗਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਲ ਹੀ ’ਚ ਹੋਈ ਨਿਯੁਕਤੀ ਨੂੰ ਵੀ ਭਾਜਪਾ ਵਲੋਂ ਅਨੁਸੂਚਿਤ ਜਨਜਾਤੀ ਦੀਆਂ ਵੋਟਾਂ ਨੂੰ ਲੁਭਾਉਣ ਦੀ ਕੋਸ਼ਿਸ਼ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।

5. ਬਾਹਰੀ ਉਮੀਦਵਾਰਾਂ ਦਾ ਮੁੱਦਾ

10 ਸਾਲ ਸੱਤਾ ’ਚ ਰਹਿਣ ਦੇ ਬਾਵਜੂਦ ਭਾਜਪਾ ਨੂੰ ਹਰਿਆਣਾ ਦੀਆਂ 10 ਸੀਟਾਂ ’ਤੇ ਯੋਗ ਉਮੀਦਵਾਰ ਨਹੀਂ ਮਿਲ ਰਹੇ। ਭਾਜਪਾ ਵਲੋਂ ਖੜ੍ਹੇ ਕੀਤੇ ਗਏ 10 ’ਚੋਂ 6 ਉਮੀਦਵਾਰ ਦੂਜੀਆਂ ਪਾਰਟੀਆਂ ਤੋਂ ਲਿਆਂਦੇ ਗਏ ਹਨ। ਇਨ੍ਹਾਂ ’ਚੋਂ 3 ਨੇਤਾਵਾਂ ਨੇ 2014 ’ਚ ਭਾਜਪਾ ਜੁਆਇਨ ਕੀਤੀ ਸੀ ਜਦਕਿ ਨਵੀਨ ਜਿੰਦਲ, ਰਣਜੀਤ ਸਿੰਘ ਚੌਟਾਲਾ ਨੇ ਹਾਲ ਹੀ ’ਚ ਭਾਜਪਾ ਜੁਆਇਨ ਕੀਤੀ ਸੀ ਅਤੇ ਉਨ੍ਹਾਂ ਨੂੰ ਕੁਰੂਕਸ਼ੇਤਰ ਅਤੇ ਹਿਸਾਰ ਤੋਂ ਮੈਦਾਨ ’ਚ ਉਤਾਰਿਆ ਗਿਆ ਹੈ।


author

Rakesh

Content Editor

Related News