ਰੂਸੀ ਫ਼ੌਜ ਵਲੋਂ ਯੂਕ੍ਰੇਨ ਖ਼ਿਲਾਫ਼ ਲੜਨ ਲਈ ਭੇਜੇ ਗਏ ਹਰਿਆਣਾ ਦੇ ਨੌਜਵਾਨ ਦੀ ਮੌਤ

Monday, Jul 29, 2024 - 04:13 PM (IST)

ਰੂਸੀ ਫ਼ੌਜ ਵਲੋਂ ਯੂਕ੍ਰੇਨ ਖ਼ਿਲਾਫ਼ ਲੜਨ ਲਈ ਭੇਜੇ ਗਏ ਹਰਿਆਣਾ ਦੇ ਨੌਜਵਾਨ ਦੀ ਮੌਤ

ਹਰਿਆਣਾ (ਭਾਸ਼ਾ)- ਹਰਿਆਣਾ ਦੇ 22 ਸਾਲਾ ਇਕ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਨੂੰ ਰੂਸੀ ਫ਼ੌਜ ਨੇ ਯੂਕ੍ਰਨੀ ਫ਼ੌਜ ਖ਼ਿਲਾਫ਼ ਲੜਨ ਲਈ ਭੇਜਿਆ ਸੀ। ਨੌਜਵਾਨ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਦਾਅਵਾ ਕੀਤਾ। ਨੌਜਵਾਨ ਦੇ ਭਰਾ ਅਜੇ ਮੌਨ ਨੇ ਦੱਸਿਆ ਕਿ ਮਾਸਕੋ ਸਥਿਤ ਭਾਰਤੀ ਦੂਤਘਰ ਨੇ ਰਵੀ ਮੌਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਵੀ ਹਰਿਆਣਾ ਦੇ ਕੈਥਲ ਦੇ ਮਟੌਰ ਪਿੰਡ ਦਾ ਵਾਸੀ ਸੀ। ਅਜੇ ਨੇ ਦਾਅਵਾ ਕੀਤਾ ਕਿ ਰਵੀ 13 ਜਨਵਰੀ ਨੂੰ ਟਰਾਂਸਪੋਰਟ ਸੰਬੰਧੀ ਨੌਕਰੀ ਲਈ ਰੂਸ ਗਿਆ ਸੀ ਪਰ ਉਸ ਨੂੰ ਫ਼ੌਜ 'ਚ ਭਰਤੀ ਕਰ ਲਿਆ ਗਿਆ। ਅਜੇ ਨੇ ਆਪਣੇ ਭਰਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਦੂਤਘਰ ਨੂੰ 21 ਜੁਲਾਈ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ,''ਦੂਤਘਰ ਨੇ ਸਾਨੂੰ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ।'' ਪਰਿਵਾਰ ਨੇ ਕਿਹਾ ਕਿ ਦੂਤਘਰ ਨੇ ਲਾਸ਼ ਦੀ ਪਛਾਣ ਲਈ ਉਨ੍ਹਾਂ ਤੋਂ ਡੀ.ਐੱਨ.ਏ. ਜਾਂਚ ਰਿਪੋਰਟ ਭੇਜਣ ਲਈ ਵੀ ਕਿਹਾ। ਅਜੇ ਨੇ ਕਿਹਾ,''ਰਵੀ 13 ਜਨਵਰੀ ਨੂੰ ਰੂਸ ਗਿਆ ਸੀ। ਇਕ ਏਜੰਟ ਨੇ ਉਸ ਨੂੰ ਟਰਾਂਸਪੋਰਟ ਸੰਬੰਧੀ ਨੌਕਰੀ ਲਈ ਰੂਸ ਭੇਜਿਆ ਸੀ ਪਰ ਉਸ ਨੂੰ ਰੂਸੀ ਫ਼ੌਜ 'ਚ ਸ਼ਾਮਲ ਕਰ ਲਿਆ ਗਿਆ।'' ਰੂਸ ਨੇ ਉਸ ਦੀ ਫ਼ੌਜ 'ਚ ਸ਼ਾਮਲ ਭਾਰਤੀ ਨਾਗਰਿਕਾਂ ਨੂੰ ਨੌਕਰੀ ਤੋਂ ਜਲਦ ਮੁਕਤ ਕਰਨ ਅਤੇ ਉਨ੍ਹਾਂ ਦੀ ਵਾਪਸੀ ਯਕੀਨੀ ਕਰਨ ਦੀ ਭਾਰਤ ਦੀ ਮੰਗ ਮੰਨਣ ਦੇ ਕੁਝ ਹੀ ਦਿਨ ਪਹਿਲਾਂ ਸਹਿਮਤੀ ਜਤਾਈ ਸੀ। 

PunjabKesari

ਅਜੇ ਮੌਨ ਨੇ ਦੋਸ਼ ਲਗਾਇਆ ਕਿ ਰੂਸੀ ਫ਼ੌਜ ਨੇ ਉਸ ਦੇ ਭਰਾ ਨੂੰ ਕਿਹਾ ਸੀ ਕਿ ਉਹ ਯੂਕ੍ਰੇਨੀ ਫ਼ੌਜ ਖ਼ਿਲਾਫ਼ ਲੜਨ ਲਈ ਜਾਵੇ ਜਾਂ ਫਿਰ 10 ਸਾਲ ਜੇਲ੍ਹ ਦੀ ਸਜ਼ਾ ਭੁਗਤੇ। ਉਸ ਨੇ ਕਿਹਾ ਕਿ ਰਵੀ ਨੂੰ ਖੱਡ ਖੋਦਣ ਦੀ ਸਿਖਲਾਈ ਦਿੱਤੀ ਗਈ ਸੀ ਅਤੇ ਬਾਅਦ 'ਚ ਉਸ ਨੂੰ ਮੋਹਰੀ ਮੋਰਚੇ 'ਤੇ ਭੇਜ ਦਿੱਤਾ ਗਿਆ। ਅਜੇ ਨੇ ਕਿਹਾ,''ਅਸੀਂ 12 ਮਾਰਚ ਤੱਕ ਉਨ੍ਹਾਂ ਦੇ ਸੰਪਰਕ 'ਚ ਸੀ ਅਤੇ ਉਹ ਬਹੁਤ ਪਰੇਸ਼ਾਨ ਸਨ।'' ਅਜੇ ਮੌਨ ਦੀ ਚਿੱਠੀ 'ਤੇ ਭਾਰਤੀ ਦੂਤਘਰ ਨੇ ਜਵਾਬ ਦਿੱਤਾ,''ਦੂਤਘਰ ਨਾਲ ਸੰਬੰਧਤ ਰੂਸੀ ਅਧਿਕਾਰੀਆਂ ਤੋਂ ਉਸ ਦੀ ਮੌਤ ਦੀ ਪੁਸ਼ਟੀ ਕਰਨ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਭੇਜੇ ਜਾਣ ਦੀ ਅਪੀਲ ਕੀਤੀ ਹੈ।'' ਉਸ ਨੇ ਕਿਹਾ,''ਰੂਸੀ ਪੱਖ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਲਾਸ਼ ਦੀ ਪਛਾਣ ਲਈ ਉਸ ਦੇ ਕਰੀਬੀ ਰਿਸ਼ਤੇਦਾਰਾਂ ਦੇ ਡੀ.ਐੱਨ.ਏ. ਦੀ ਜਾਂਚ ਕਰਨ ਦੀ ਲੋੜ ਹੈ।'' ਅਜੇ ਮੌਨ ਨੇ ਆਪਣੇ ਭਰਾ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ। ਉਸ ਨੇ ਕਿਹਾ,''ਸਾਡੇ ਕੋਲ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਪੂਰੇ ਪੈਸੇ ਨਹੀਂ ਹਨ।'' ਉਸ ਨੇ ਕਿਹਾ ਕਿ ਪਰਿਵਾਰ ਨੇ ਇਕ ਏਕੜ ਜ਼ਮੀਨ ਵੇਚ ਕੇ ਉਸ ਨੂੰ ਰੂਸ ਭੇਜਣ ਲਈ 11.50 ਲੱਖ ਰੁਪਏ ਖਰਚ ਕੀਤੇ। ਰੂਸ ਨੇ ਆਪਣੀ ਫ਼ੌਜ 'ਚ ਸਹਾਇਕ ਕਰਮੀਆਂ ਵਜੋਂ ਭਾਰਤੀਆਂ ਦੀ ਭਰਤੀ ਬੰਦ ਕਰਨ ਅਤੇ ਫ਼ੋਰਸ 'ਚ ਤਾਇਨਾਤ ਭਾਰਤੀਆਂ ਦੀ ਦੇਸ਼ ਵਾਪਸੀ ਯਕੀਨੀ ਕਰਨ ਦੀ ਭਾਰਤ ਦੀ ਮੰਗ ਮੰਨਣ 'ਤੇ ਇਸ ਮਹੀਨੇ ਦੀ ਸ਼ੁਰੂਆਤ 'ਚ ਸਹਿਮਤੀ ਜਤਾਈ ਸੀ। ਰੂਸੀ ਪੱਖ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਰੂਸੀ ਫ਼ੌਜ ਤੋਂ ਜਲਦ ਸੇਵਾਮੁਕਤ ਕਰਨ ਦਾ ਵਾਅਦਾ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News