ਹਰਿਆਣਾ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਦੀ ਨਹੀਂ ਰੁਕ ਰਹੀ ਦਾਦਾਗਿਰੀ : ਜਥੇ. ਦਾਦੂਵਾਲ
Thursday, Apr 27, 2023 - 01:49 PM (IST)
ਸਿਰਸਾ, (ਅਜੇ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਹਰਿਆਣਾ ਦੀਆਂ ਸਿੱਖ ਸੰਗਤਾਂ ਵੱਲੋਂ ਬੜੀ ਜੱਦੋਜਹਿਦ ਨਾਲ ਹੋਂਦ ਵਿਚ ਲਿਆਂਦੀ ਸੀ ਪਰ ਅੱਜ ਮੌਜੂਦਾ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਦੀ ਦਾਦਾਗਿਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦਿਆਂ ’ਤੇ ਪੈਰਾਸ਼ੂਟ ਰਾਹੀਂ ਉੱਤਰੇ ਮਹੰਤ ਕਰਮਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਧਮੀਜਾ ਪੂਰੀ ਦਾਦਾਗਿਰੀ ’ਤੇ ਉੱਤਰੇ ਹੋਏ ਹਨ, ਜਿਨ੍ਹਾਂ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਲਿਆਉਣ ਵਾਸਤੇ ਰੱਤੀ ਭਰ ਵੀ ਯੋਗਦਾਨ ਨਹੀਂ ਰਿਹਾ ਹੈ।
ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਉਨਾਂ ਦੇ ਨਿੱਜੀ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਇੱਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ। ਉਨਾਂ ਦੱਸਿਆ ਕੇ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਹੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਐਡਹਾਕ ਹਰਿਆਣਾ ਸਰਕਾਰ ਨੇ ਨਾਮਜ਼ਦ ਕੀਤੀ ਹੈ, ਨਾ ਕੇ ਧਮੀਜਾ ਜਾਂ ਮਹੰਤ ਨੇ ਬਣਾਈ ਹੈ, ਜੋ ਮੈਂਬਰ ਸਾਹਿਬਾਨਾਂ ਦਾ ਅਪਮਾਨ ਕਰ ਰਹੇ ਹਨ।
ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਕੁਝ ਕਮੇਟੀ ਮੈਂਬਰਾਂ ਵੱਲੋਂ ਡੋਪ ਟੈਸਟ ਕਰਾਉਣ ਦੀ ਮੰਗ ਵੀ ਗੁਨਾਹ ਬਣ ਗਈ ਹੈ। ਪ੍ਰਧਾਨ ਅਤੇ ਸਕੱਤਰ ਨੇ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਇਕ ਨੀਂਹ ਪੱਥਰ ਤੋਂ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਦਾ ਨਾਮ ਗਾਇਬ ਕਰ ਦਿੱਤਾ ਅਤੇ ਆਪਣੇ ਚਾਪਲੂਸ ਜੂਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਤਿਲੋਕੇਵਾਲਾ ਦਾ ਨਾਮ ਛਾਪ ਦਿੱਤਾ, ਜੋ ਵਿਰੋਧ ਤੋਂ ਬਾਅਦ ਬਦਲਣਾ ਪਿਆ। ਫਿਰ ਕੈਥਲ ਦੇ ਚਾਰ ਮੈਂਬਰਾਂ ਵਿੱਚੋਂ ਇੱਕ ਮੈਂਬਰ ਗੁਰਮੀਤ ਸਿੰਘ ਸੀਵਨ ਵੱਲੋਂ ਡੋਪ ਟੈਸਟ ਦਾ ਸਮਰਥਨ ਕਰਨ ਤੇ ਕੈਂਥਲ ਗੁਰਮਤਿ ਸਮਾਗਮ ਦੇ ਪੋਸਟਰ ਤੋਂ ਉਸਦਾ ਨਾਮ ਗਾਇਬ ਕਰ ਦਿੱਤਾ। ਕਰਨਾਲ ਤੋਂ ਆ ਰਹੇ ਖਾਲਸਾ ਮਾਰਚ ਦੇ ਸਵਾਗਤੀ ਪੋਸਟਰਾਂ ਵਿੱਚ ਹਰਿਆਣਾ ਕਮੇਟੀ ਦੇ 31 ਮੈਂਬਰਾਂ ਦੀ ਫੋਟੋ ਛਾਪ ਦਿੱਤੀ ਅਤੇ ਡੋਪ ਟੈਸਟ ਦੀ ਮੰਗ ਕਰਨ ਵਾਲੇ 7 ਮੈਂਬਰਾਂ ਦਾ ਨਾਂ ਅਤੇ ਫੋਟੋ ਕੱਟ ਦਿੱਤੀ। ਹੁਣ ਵੀ ਹਰਿਆਣਾ ਕਮੇਟੀ ਦੀਆਂ ਵੱਖ-ਵੱਖ ਬਣਾਈਆਂ ਸਬ ਕਮੇਟੀਆਂ ਵਿਚੋਂ ਮਹੰਤ ਅਤੇ ਜਨਰਲ ਸਕੱਤਰ ਧਮੀਜਾ ਨੇ ਦਾਦਾਗਿਰੀ ਕਰਦਿਆਂ ਡੋਪ ਟੈਸਟ ਮੰਗ ਦਾ ਸਮਰਥਨ ਕਰਨ ਅਤੇ ਪ੍ਰਬੰਧ ਵਿੱਚ ਬੇਨਿਯਮੀਆਂ ਦਾ ਵਿਰੋਧ ਕਰਨ ਵਾਲੇ ਮੈਂਬਰ ਰਮਣੀਕ ਸਿੰਘ ਮਾਨ, ਦੀਦਾਰ ਸਿੰਘ ਨਲਵੀ,ਵਿਨਰ ਸਿੰਘ ਸਾਹਾ, ਗੁਰਮੀਤ ਸਿੰਘ ਸੀਵਨ, ਸੁਜਿੰਦਰ ਸਿੰਘ ਤੂਰ ਨੂੰ ਸਬ-ਕਮੇਟੀਆਂ ਜ਼ਿੰਮੇਵਾਰੀ ਵਿੱਚੋਂ ਹੀ ਉਡਾ ਦਿੱਤਾ ਹੈ, ਜੋ ਕੇ ਦਾਦਾਗਿਰੀ ਦਾ ਪ੍ਰਤੱਖ ਸਬੂਤ ਹੈ।