ਮੁੱਖ ਮੰਤਰੀ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ
Tuesday, Nov 05, 2024 - 06:20 PM (IST)
ਚੰਡੀਗੜ੍ਹ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਰਾਧਾ ਸਵਾਮੀ ਸਤਿਸੰਗ ਬਿਆਸ (ਆਰਐੱਸਐੱਸਬੀ) ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ 'ਮਨੁੱਖਤਾ ਦੀ ਸੇਵਾ' 'ਚ ਸੰਪਰਦਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸੈਣੀ ਨੇ ਇੱਥੇ ਆਪਣੇ ਅਧਿਕਾਰਤ ਨਿਵਾਸ ਸੰਤ ਕਬੀਰ ਕੁਟੀਰ 'ਚ ਮੁਲਾਕਾਤ ਦੌਰਾਨ ਕਿਹਾ ਕਿ ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਸਦਭਾਵਨਾ ਲਈ ਆਰਐੱਸਐੱਸਬੀ ਵਲੋਂ ਕੀਤਾ ਜਾ ਰਿਹਾ ਲਗਾਤਾਰ ਕੰਮ ਅਦਭੁੱਤ ਅਤੇ ਪ੍ਰੇਰਨਾਦਾਇਕ ਹੈ। ਮੁੱਖ ਮੰਤਰੀ ਨੇ 'ਐਕਸ' 'ਤੇ ਇਕ ਪੋਸਟ 'ਚ ਗੁਰਿੰਦਰ ਢਿੱਲੋਂ ਨੂੰ ਵਧਾਈ ਦਿੰਦੇ ਹੋਏ ਆਪਣੀ ਅਤੇ ਆਪਣੀ ਪਤਨੀ ਸੁਮਨ ਸੈਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਉਨ੍ਹਾਂ ਨੇ ਪੋਸਟ 'ਚ ਲਿਖਿਆ,''ਸਮਾਜ 'ਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ 'ਚ ਸੰਤਾਂ ਅਤੇ ਮਹਾਪੁਰਸ਼ਾਂ ਨੇ ਹਮੇਸ਼ਾ ਵੱਡੀ ਭੂਮਿਕਾ ਨਿਭਾਈ ਹੈ। ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਸਦਭਾਵਨਾ ਲਈ ਆਰਐੱਸਐੱਸਬੀ ਵਲੋਂ ਲਗਾਤਾਰ ਕੀਤਾ ਜਾ ਰਿਹਾ ਕੰਮ ਆਪਣੇ ਆਪ 'ਚ ਅਦਭੁੱਤ ਅਤੇ ਪ੍ਰੇਰਨਾਦਾਇਕ ਹੈ।'' ਸੈਣੀ ਨੇ ਇਹ ਉਮੀਦ ਜਤਾਈ ਕਿ ਸੰਤਾਂ ਦੇ ਆਸ਼ੀਰਵਾਦ ਨਾਲ ਰਾਜ 'ਚ ਖੁਸ਼ਹਾਲੀ ਅਤੇ ਤਰੱਕੀ ਆਏਗੀ ਅਤੇ ਲੋਕਾਂ ਦਾ ਜੀਵਨ ਬਿਹਤਰ ਹੋਵੇਗਾ। ਇਸ ਸਾਲ ਦੇ ਸ਼ੁਰੂ 'ਚ ਮੁੱਖ ਮੰਤਰੀ ਅੰਮ੍ਰਿਤਸਰ ਤੋਂ ਕਰੀਬ 45 ਕਿਲੋਮੀਟਰ ਦੂਰ ਬਿਆਸ 'ਚ ਸਥਿਤ ਰਾਧਾ ਸਵਾਮੀ ਸਤਿਸੰਗ ਕੇਂਦਰ ਗਏ ਸਨ। ਦੇਸ਼ 'ਚ ਖ਼ਾਸ ਕਰ ਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਇਸ ਸੰਪਰਦਾ ਦੇ ਵੱਡੀ ਗਿਣਤੀ 'ਚ ਪੈਰੋਕਾਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8