ਹਰਿਆਣਾ 'ਚ ਗੋਪਾਲ ਕਾਂਡਾ ਦਾ ਸਮਰਥਨ ਨਹੀ ਲਵੇਗੀ ਭਾਜਪਾ: ਰਵੀਸ਼ੰਕਰ ਪ੍ਰਸਾਦ

Saturday, Oct 26, 2019 - 01:11 PM (IST)

ਹਰਿਆਣਾ 'ਚ ਗੋਪਾਲ ਕਾਂਡਾ ਦਾ ਸਮਰਥਨ ਨਹੀ ਲਵੇਗੀ ਭਾਜਪਾ: ਰਵੀਸ਼ੰਕਰ ਪ੍ਰਸਾਦ

ਚੰਡੀਗੜ੍ਹ—ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਅੱਜ ਭਾਵ ਸ਼ਨੀਵਾਰ ਨੂੰ ਦੱਸਿਆ ਹੈ ਕਿ ਭਾਜਪਾ ਸੂਬੇ 'ਚ ਸਰਕਾਰ ਬਣਾਉਣ ਲਈ ਹਰਿਆਣਾ ਲੋਕਹਿੱਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦਾ ਸਮਰਥਨ ਨਹੀ ਲਵੇਗੀ। ਵਿਵਾਦਿਤ ਨੇਤਾ ਕਾਂਡਾ ਖੁਦਕੁਸ਼ੀ ਲਈ ਉਕਸਾਉਣ ਦੇ ਦੋ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ, '' ਮੈਂ ਇੱਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਭਾਜਪਾ ਕਾਂਡਾ ਦਾ ਸਮਰਥਨ ਨਹੀਂ ਲੈਣ ਜਾ ਰਹੀ ਹੈ।'' ਦੱਸ ਦੇਈਏ ਕਿ ਚੰਡੀਗੜ੍ਹ ਦੇ ਯੂਟੀ ਗੈਸਟ ਹਾਊਸ 'ਚ ਭਾਜਪਾ ਵਿਧਾਇਕਾਂ ਦੀ ਬੈਠਕ ਖਤਮ ਹੋ ਰਹੀ ਹੈ ਅਤੇ ਉਨ੍ਹਾਂ ਨੇ ਮਨੋਹਰ ਲਾਲ ਖੱਟੜ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਹੈ। ਇਸ ਤੋਂ ਬਾਅਦ ਮਨੋਹਰ ਲਾਲ ਖੱਟੜ ਰਾਜਪਾਲ ਸੱਤਿਆਦੇਵ ਨਰਾਇਣ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਖੱਟੜ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ।

ਕਾਂਡਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਕਾਂਡਾ ਵੱਲੋਂ ਭਾਜਪਾ ਨੂੰ ਸਮਰਥਨ ਦੀ ਪੇਸ਼ਕਸ਼ ਕਰਨ ਤੋਂ ਬਾਅਦ ਪਾਰਟੀ ਕਾਂਗਰਸ ਦੇ ਨਿਸ਼ਾਨੇ 'ਤੇ ਹੈ। ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਦੋ-ਮੂੰਹੀ ਗੱਲ ਕਰਦੀ ਹੈ। ਉਨ੍ਹਾਂ ਨੇ ਦਿੱਲੀ 'ਚ ਕਿਹਾ, ''ਮੈਨੂੰ ਲੱਗਦਾ ਹੈ ਕਿ ਪੀ. ਐੱਮ. ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਉਨ੍ਹਾਂ ਬਿਆਨਾਂ ਨੂੰ ਤੁਹਾਨੂੰ ਦੇਖਣਾ ਚਾਹੀਦਾ ਜਦੋਂ ਗੋਪਾਲ ਕਾਂਡਾ ਹਰਿਆਣਾ 'ਚ ਮੰਤਰੀ ਸੀ ਅਤੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਅਸਤੀਫੇ ਲਈ ਮਜ਼ਬੂਰ ਕੀਤਾ ਅਤੇ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਵੀ ਹਟਾ ਦਿੱਤਾ।''

ਦੱਸਣਯੋਗ ਹੈ ਕਿ ਤ੍ਰਿਸ਼ੁੰਕ ਵਿਧਾਨਸਭਾ 'ਚ 40 ਸੀਟਾਂ ਜਿੱਤ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਉਭਰੀ ਹੈ, ਜਦਕਿ ਕਾਂਗਰਸ ਨੂੰ 31 ਸੀਟਾਂ ਮਿਲੀਆਂ ਹਨ। ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ 10 ਵਿਧਾਇਕ ਹਨ ਅਤੇ ਇਨੈਲੋ ਦੇ ਕੋਲ 1 ਵਿਧਾਇਕ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਿਰਸਾ ਤੋਂ ਵਿਧਾਇਕ ਕਾਂਡਾ ਨੂੰ ਇੱਕ ਏਅਰਹੋਸਟਸ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦੇ ਦੋਸ਼ 'ਚ 2012 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਏਅਰਹੋਸਟਸ ਉਨ੍ਹਾਂ ਦੀ ਉਸ ਸਮੇਂ ਜਹਾਜ਼ ਕੰਪਨੀ 'ਚ ਕੰਮ ਕਰਦੀ ਸੀ, ਜੋ ਹੁਣ ਬੰਦ ਹੋ ਚੁੱਕੀ ਹੈ।


author

Iqbalkaur

Content Editor

Related News