ਸੈਣੀ ਨੇ ਪੂਰਾ ਕੀਤਾ ਪਹਿਲਾ ਚੋਣ ਵਾਅਦਾ, ਹੁਣ ਮੁਫ਼ਤ ਹੋਵੇਗੀ ਡਾਇਲਸਿਸ

Friday, Oct 18, 2024 - 05:20 PM (IST)

ਸੈਣੀ ਨੇ ਪੂਰਾ ਕੀਤਾ ਪਹਿਲਾ ਚੋਣ ਵਾਅਦਾ, ਹੁਣ ਮੁਫ਼ਤ ਹੋਵੇਗੀ ਡਾਇਲਸਿਸ

ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪਹਿਲੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਗੁਰਦਿਆਂ ਦੀਆਂ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਡਾਇਲਸਿਸ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨਾਇਬ ਸੈਣੀ ਨੇ ਆਪਣੀ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਹਰਿਆਣਾ ਵੀ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਲਾਗੂ ਕਰੇਗਾ, ਜਿਸ 'ਚ ਅਨੁਸੂਚਿਤ ਜਾਤੀਆਂ ਦੇ ਅੰਦਰ ਉਪ-ਸ਼੍ਰੇਣੀ ਨੂੰ ਰਾਖਵਾਂਕਰਨ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ। ਸੈਣੀ ਨੇ ਵੀਰਵਾਰ ਨੂੰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਸੱਤਾ ਦੇ ਕੇ ਕਾਂਗਰਸ ਦੇ ਝੂਠ ਅਤੇ ਕਿਸਾਨਾਂ ਅਤੇ ਗਰੀਬਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਸੈਣੀ ਨੇ ਕਿਹਾ ਕਿ ਭਾਜਪਾ ਨੂੰ ਵੱਡਾ ਜਨਾਦੇਸ਼ ਦੇ ਕੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ 'ਤੇ ਆਪਣੀ ਪ੍ਰਵਾਨਗੀ ਦੀ ਮੋਹਰ ਲਗਾਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਗੁਰਦੇ ਦੀਆਂ ਗੰਭੀਰ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਕਿਹਾ,''(ਅਹੁਦਾ ਸੰਭਾਲਣ ਤੋਂ ਬਾਅਦ) ਮੈਂ ਗੁਰਦੇ ਦੀ ਬੀਮਾਰੀ ਨਾਲ ਪੀੜਤ ਮਰੀਜ਼ਾਂ ਨਾਲ ਸੰਬੰਧਤ ਫ਼ੈਸਲੇ ਦੀ ਫਾਈਲ 'ਤੇ ਸਭ ਤੋਂ ਪਹਿਲੇ ਦਸਤਖ਼ਤ ਕੀਤੇ। ਅਸੀਂ ਚੋਣਾਂ 'ਚ ਵੀ ਇਹ ਵਾਅਦਾ ਕੀਤਾ ਸੀ। ਡਾਇਲਸਿਸ 'ਤੇ ਹਰ ਮਹੀਨੇ 20 ਹਜ਼ਾਰ ਤੋਂ 25 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ ਪਰ ਹੁਣ ਹਰਿਆਣਾ ਸਰਕਾਰ ਇਸ ਨੂੰ ਵਹਿਨ ਕਰੇਗੀ।'' ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਕੈਬਨਿਟ ਨੇ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਨੂੰ ਵੀ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸੂਬਿਆਂ ਨੂੰ, ਰਾਖਵਾਂਕਰਨ ਦੇਣ ਲਈ ਅਨੁਸੂਚਿਤ ਜਾਤੀਆਂ ਦੇ ਅੰਦਰ ਉੱਪ-ਵਰਗੀਕਰਨ ਕਰਨ ਦਾ ਸੰਵਿਧਾਨਕ ਅਧਿਕਾਰ ਹੈ। ਉਨ੍ਹਾਂ ਕਿਹਾ,''ਕੈਬਨਿਟ ਦੀ ਪਹਿਲੀ ਬੈਠਕ 'ਚ ਸਾਡੇ ਮੰਤਰੀਆਂ ਨੇ ਅੱਜ ਤੋਂ ਹੀ ਇਸ ਫ਼ੈਸਲੇ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।'' ਸੈਣੀ ਨੇ ਅਪਰਾਧੀਆਂ ਨੂੰ ਵੀ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ,''ਮੈਂ ਅਪਰਾਧਕ ਗਤੀਵਿਧੀਂ 'ਚ ਸ਼ਾਮਲ ਲੋਕਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਹ ਜਾਂ ਤਾਂ ਹਰਿਆਣਾ ਛੱਡ ਦੇਣ ਜਾਂ ਸੁਧਰ ਜਾਣ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News