ਗੁਰੂਗ੍ਰਾਮ ’ਚ ਗੈਂਗਸਟਰ ਸੂਬੇ ਗੁੱਜਰ ਦੇ ਗੈਰ-ਕਾਨੂੰਨੀ ਘਰ ’ਤੇ ਚੱਲਿਆ ਬੁਲਡੋਜ਼ਰ

Saturday, Sep 24, 2022 - 01:08 PM (IST)

ਗੁਰੂਗ੍ਰਾਮ ’ਚ ਗੈਂਗਸਟਰ ਸੂਬੇ ਗੁੱਜਰ ਦੇ ਗੈਰ-ਕਾਨੂੰਨੀ ਘਰ ’ਤੇ ਚੱਲਿਆ ਬੁਲਡੋਜ਼ਰ

ਗੁਰੂਗ੍ਰਾਮ- ਅਪਰਾਧ ਦੀ ਆਮਦਨ ਤੋਂ ਖਰੀਦੀਆਂ ਗਈਆਂ ਜਾਇਦਾਦਾਂ ਨੂੰ ਢਾਹੁਣ ਲਈ ਜਾਰੀ ਮੁਹਿੰਮ ਤਹਿਤ ਮਾਨੇਸਰ ਪਿੰਡ ’ਚ ਗੈਂਗਸਟਰ ਸੂਬੇ ਸਿੰਘ ਗੁੱਜਰ ਦੇ ਗੈਰ-ਕਾਨੂੰਨੀ ਤਰੀਕੇ ਨਾਲ ਬਣੇ ਘਰ ਨੂੰ ਨਗਰ ਨਿਗਮ ਨੇ ਢਾਹ ਦਿੱਤਾ। ਚਾਰ ਮੰਜ਼ਿਲਾ ਇਮਾਰਤ ਜ਼ਮੀਨ 'ਤੇ ਡਿੱਗਦੀ ਹੋਈ ਦਿਖਾਈ ਦਿੱਤੀ। ਪੁਲਸ ਨੇ ਦੱਸਿਆ ਕਿ ਗੈਂਗਸਟਰ ਸੂਬੇ ਗੁੱਜਰ ਗੁਰੂਗ੍ਰਾਮ, ਮੇਵਾਤ, ਰੇਵਾੜੀ, ਪਲਵਲ ਅਤੇ ਦਿੱਲੀ ’ਚ ਕਤਲ, ਕਤਲ ਦੀ ਕੋਸ਼ਿਸ਼, ਰੰਗਦਾਰੀ ਅਤੇ ਹਥਿਆਰ ਐਕਟ ਸਮੇਤ 42 ਅਪਰਾਧਕ ਮਾਮਲਿਆਂ ’ਚ ਸ਼ਾਮਲ ਹੈ।

PunjabKesari

ਪੁਲਸ ਨੇ ਦੱਸਿਆ ਕਿ ਘਰ ਦਾ ਮਾਲਕ ਸੂਬਾ ਸਿੰਘ ਗੁੱਜਰ ਹੈ, ਜੋ ਕਿ ਇਕ ਗੈਂਗਸਟਰ ਹੈ ਜੋ ਇਸ ਸਮੇਂ ਜੇਲ੍ਹ ਵਿਚ ਬੰਦ ਹੈ। ਨਗਰ ਨਿਗਮ ਨੇ ਵੀਰਵਾਰ ਸ਼ਾਮ ਨੂੰ ਹੀ ਘਰ ਦੀ ਚਾਰਦੀਵਾਲੀ ਤੋੜ ਦਿੱਤੀ ਸੀ ਅਤੇ ਮੀਂਹ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ ਸੀ। ਓਧਰ ਜੇਲ੍ਹ ’ਚ ਬੰਦ ਗੈਂਗਸਟਰ ਗੁੱਜਰ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ ਗਿਆ ਸੀ। ਗੁੱਜਰ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਘਰ ਸਿਰਫ ਸੂਬੇ ਗੁੱਜਰ ਦੀ ਜਾਇਦਾਦਾ ਨਹੀਂ ਸੀ। ਘਰ ’ਚ ਸਾਡਾ ਵੀ ਇਕ ਹਿੱਸਾ ਸੀ, ਜਿਸ ਨੂੰ ਬਿਨਾਂ ਕਿਸੇ ਸੂਚਨਾ ਦੇ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਅਸੀਂ ਇਸ ਨੂੰ ਅਦਾਲਤ ’ਚ ਚੁਣੌਤੀ ਦੇਵਾਂਗੇ।

PunjabKesari

ਮੌਕੇ ’ਤੇ ਮੌਜੂਦ ਜ਼ਿਲ੍ਹਾ ਨਗਰ ਯੋਜਨਾਕਾਰ (ਡੀ. ਟੀ. ਪੀ.) ਸੰਜੇ ਸਿੰਘ ਨੇ ਦੱਸਿਆ ਕਿ ਖੇਤੀ ਯੋਗ ਜ਼ਮੀਨ ’ਤੇ ਗੈਰ-ਕਾਨੂੰਨੀ ਰੂਪ ਨਾਲ ਮਕਾਨ ਬਣਿਆ ਹੋਇਆ ਸੀ ਅਤੇ ਲੱਗਭਗ ਸਾਢੇ 3 ਹਜ਼ਾਰ ਵਰਗ ਗਜ਼ ’ਚ ਬਣੇ ਇਸ ਮਕਾਨ ਦੀ ਚਾਰਦੀਵਾਰੀ ਵੀਰਵਾਰ ਨੂੰ ਹੀ ਤੋੜ ਦਿੱਤੀ ਗਈ ਸੀ। ਮਕਾਨ ਖਾਲੀ ਕਰਨ ਮਗਰੋਂ ਦੂਜੇ ਦਿਨ ਸ਼ੁੱਕਰਵਾਰ ਨੂੰ ਫਿਰ ਤੋਂ ਭੰਨ-ਤੋੜ ਦੀ ਕਾਰਵਾਈ ਕੀਤੀ ਗਈ। ਘਰ ਦੇ ਨਿਰਮਾਣ ਲਈ ਵਿਭਾਗ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਅਸੀਂ ਘਰ ਖਾਲੀ ਕਰਨ ਲਈ ਪਹਿਲਾਂ ਹੀ ਨੋਟਿਸ ਦਿੰਦੇ ਹਾਂ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਗਈ ਹੈ। 


author

Tanu

Content Editor

Related News