ਚਾਰਜਿੰਗ ''ਤੇ ਲਾਏ ਇਲੈਕਟ੍ਰਿਕ ਸਕੂਟਰ ਦੀ ਫਟ ਗਈ ਬੈਟਰੀ ! ਬੰਦੇ ਦੀ ਮੌਤ, ਘਰ ਦਾ ਸਾਮਾਨ ਸੜ ਕੇ ਹੋਇਆ ਸੁਆਹ
Tuesday, Jan 13, 2026 - 05:29 PM (IST)
ਨਾਰਨੌਲ- ਹਰਿਆਣਾ ਦੇ ਨਾਰਨੌਲ 'ਚ ਇਕ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਘਰ ਦੇ ਅੰਦਰ ਚਾਰਜ ਹੋ ਰਹੇ ਇਕ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਫਟਣ ਕਾਰਨ ਇਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਧਮਾਕਾ ਸੋਮਵਾਰ ਰਾਤ ਨੂੰ ਹੋਇਆ, ਜਿਸ ਤੋਂ ਬਾਅਦ ਲੱਗੀ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ।
ਮ੍ਰਿਤਕ ਦੀ ਪਛਾਣ ਸ਼ਿਵ ਕੁਮਾਰ ਵਜੋਂ ਹੋਈ ਹੈ, ਜੋ ਕਿ ਬਾਰਕੋਡਾ ਪਿੰਡ ਦਾ ਨਿਵਾਸੀ ਸੀ ਅਤੇ ਇਸ ਵੇਲੇ ਨਾਰਨੌਲ ਦੀ ਰਾਮਨਗਰ ਕਾਲੋਨੀ 'ਚ ਰਹਿ ਰਿਹਾ ਸੀ। ਉਹ ਮਜ਼ਦੂਰੀ ਦਾ ਕੰਮ ਕਰਦਾ ਸੀ। ਰਾਤ ਦੇ ਕਰੀਬ 9:30 ਵਜੇ, ਜਦੋਂ ਸ਼ਿਵ ਕੁਮਾਰ ਇਕ ਕਮਰੇ 'ਚ ਇਕੱਲਾ ਸੌ ਰਿਹਾ ਸੀ, ਤਾਂ ਉੱਥੇ ਚਾਰਜ ਹੋ ਰਹੇ ਸਕੂਟਰ ਦੀ ਬੈਟਰੀ ਇਕ ਜ਼ੋਰਦਾਰ ਧਮਾਕੇ ਨਾਲ ਫਟ ਗਈ। ਪਰਿਵਾਰ ਦੇ ਬਾਕੀ ਮੈਂਬਰ ਦੂਜੇ ਕਮਰੇ 'ਚ ਸੌ ਰਹੇ ਸਨ। ਧਮਾਕੇ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਘਰ ਦੇ ਦਰਵਾਜ਼ੇ, ਖਿੜਕੀਆਂ, ਫਰਨੀਚਰ, ਬੈੱਡ ਅਤੇ ਸੋਫ਼ਾ ਸਮੇਤ ਲਗਭਗ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਗੁਆਂਢੀਆਂ ਨੇ ਧਮਾਕੇ ਦੀ ਆਵਾਜ਼ ਸੁਣ ਕੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਫਾਈਟਰਜ਼ ਨੇ ਲਗਭਗ 30 ਮਿੰਟਾਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਸ਼ਿਵ ਕੁਮਾਰ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ, ਇਹ ਸਕੂਟਰ ਲਗਭਗ ਇਕ ਸਾਲ ਪਹਿਲਾਂ ਨਸੀਬਪੁਰ ਦੇ ਇਕ ਸ਼ੋਅਰੂਮ ਤੋਂ ਖਰੀਦਿਆ ਗਿਆ ਸੀ। ਇਹ Toxmo Rhino Plus ਮਾਡਲ ਦਾ ਲਾਲ ਰੰਗ ਦਾ ਸਕੂਟਰ ਸੀ। ਇਹ ਇਕ ਘੱਟ ਰਫ਼ਤਾਰ (25 ਕਿਲੋਮੀਟਰ ਪ੍ਰਤੀ ਘੰਟਾ) ਵਾਲਾ ਵਾਹਨ ਸੀ, ਜਿਸ ਲਈ ਕਿਸੇ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਬੈਟਰੀ ਫਟਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਮ੍ਰਿਤਕ ਆਪਣੇ ਪਿੱਛੇ ਦੋ ਵਿਆਹੀਆਂ ਬੇਟੀਆਂ ਅਤੇ ਇਕ ਬੇਟਾ ਛੱਡ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
