ਸ਼ੁਰੂ ਹੋਇਆ ਠੰਡ ਦਾ ਦੌਰ, ਜਾਣੋ ਮੌਸਮ ਵਿਭਾਗ ਦੀ ਤਾਜਾ ਭਵਿੱਖਵਾਣੀ
Thursday, Oct 10, 2024 - 04:31 PM (IST)
ਚੰਡੀਗੜ੍ਹ- ਹਰਿਆਣਾ 'ਚ ਮੌਸਮ ਕਰਵਟ ਲੈ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਮੀਂਹ ਨਹੀਂ ਪਿਆ, ਜਿਸ ਦੇ ਬਾਵਜੂਦ ਦਿਨ ਦਾ ਤਾਪਮਾਨ ਹੇਠਾਂ ਆ ਗਿਆ ਹੈ। ਮਹਿੰਦਰਗੜ੍ਹ ਅਤੇ ਸੋਨੀਪਤ 'ਚ ਤਾਪਮਾਨ 'ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ। ਸਿਰਸਾ ਪੂਰੇ ਪ੍ਰਦੇਸ਼ 'ਚ ਸਭ ਤੋਂ ਗਰਮ ਜ਼ਿਲ੍ਹਾ ਰਿਹਾ। ਇੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਦਰਜ ਕੀਤਾ ਗਿਆ।
ਇਸ ਦਰਮਿਆਨ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅੱਗੇ ਭਵਿੱਖ 'ਚ ਵੀ ਮੌਸਮ 'ਚ ਅਜਿਹਾ ਹੀ ਬਦਲਾਅ ਜਾਰੀ ਰਹੇਗਾ। ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਰਾਤ ਦੇ ਤਾਪਮਾਨ 'ਚ ਕਮੀ ਦਰਜ ਕੀਤੀ ਗਈ ਹੈ। ਭਵਿੱਖ 'ਚ ਵੀ ਇਸੇ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲੇਗਾ।
ਇਸ ਵਾਰ ਸੂਬੇ 'ਚ ਮਾਨਸੂਨ ਦੀ ਕਾਰਗੁਜ਼ਾਰੀ ਵੀ ਕਾਫੀ ਤਸੱਲੀਬਖਸ਼ ਰਹੀ ਹੈ, ਜਿੱਥੇ ਇਸ ਸੀਜ਼ਨ ਵਿਚ 424.6 ਮਿਲੀਮੀਟਰ ਮੀਂਹ ਪਿਆ ਹੈ, ਉੱਥੇ ਇਸ ਵਾਰ 406.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ ਸਿਰਫ਼ 4 ਫ਼ੀਸਦੀ ਘੱਟ ਹੈ। ਗੁਰੂਗ੍ਰਾਮ, ਮਹਿੰਦਰਗੜ੍ਹ, ਝੱਜਰ, ਚਰਖੀ ਦਾਦਰੀ, ਰੇਵਾੜੀ, ਪਲਵਲ, ਸਿਰਸਾ ਅਤੇ ਕੁਰੂਕਸ਼ੇਤਰ 'ਚ ਆਮ ਨਾਲੋਂ ਵੱਧ ਮੀਂਹ ਪਿਆ। ਯਮੁਨਾਨਗਰ, ਕਰਨਾਲ ਅਤੇ ਪੰਚਕੂਲਾ ਵਿਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ।