ਹਰਿਆਣਾ ''ਚ 1.82 ਕਰੋੜ ਵੋਟਰ ਕਰਨਗੇ 1169 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
Thursday, Oct 17, 2019 - 12:38 PM (IST)

ਨਵੀਂ ਦਿੱਲੀ— ਹਰਿਆਣਾ 'ਚ ਵਿਧਾਨ ਸਭਾ ਚੋਣਾਂ ਲਈ ਆਉਣ ਵਾਲੀ 21 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ 'ਚ ਰਾਜ ਦੇ ਲਗਭਗ 1.82 ਕਰੋੜ ਵੋਟਰਾਂ ਨੂੰ 1169 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਦਾ ਅਧਿਕਾਰ ਹੋਵੇਗਾ। ਹਰਿਆਣਾ ਦੀ ਵੋਟਰ ਸੂਚੀ ਅਤੇ ਹੋਰ ਅਹਿਮ ਅੰਕੜਿਆਂ ਬਾਰੇ ਚੋਣ ਕਮਿਸ਼ਨ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਰਾਜ 'ਚ ਕੁੱਲ 1,82,82,570 ਵੋਟਰ ਹਨ। ਇਨ੍ਹਾਂ 'ਚੋਂ 97.7 ਲੱਖ ਪੁਰਸ਼ ਅਤੇ 85 ਲੱਖ ਮਹਿਲਾ ਵੋਟਰਾਂ ਤੋਂ ਇਲਾਵਾ 724 ਅਦਿਵਾਸੀ ਭਾਰਤੀ ਅਤੇ 1.07 ਲੱਖ ਸਰਵਿਸ ਵੋਟਰ ਸ਼ਾਮਲ ਹਨ। ਰਾਜ ਦੀਆਂ 90 ਵਿਧਾਨ ਸਭਾ ਸੀਟਾਂ ਲਈ ਕੁੱਲ 1169 ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ 'ਚ 1064 ਪੁਰਸ਼, 104 ਔਰਤਾਂ ਅਤੇ ਇਕ ਹੋਰ ਉਮੀਦਵਾਰ ਸ਼ਾਮਲ ਹੈ।
ਜ਼ਿਆਦਾਤਰ 25 ਉਮੀਦਵਾਰ ਹਾਂਸੀ ਸੀਟ 'ਤੇ ਅਤੇ ਸਭ ਤੋਂ ਘੱਟ 6 ਉਮੀਦਵਾਰ ਅੰਬਾਲਾ ਕੈਂਟ ਅਤੇ ਸ਼ਾਹਬਾਦ (ਸੁਰੱਖਿਅਤ) ਸੀਟ 'ਤੇ ਹਨ। ਹਰਿਆਣਾ ਦੀ ਚੋਣਾਵੀ ਦੌੜ 'ਚ ਰਾਜ ਪੱਧਰੀ ਮਾਨਤਾ ਪ੍ਰਾਪਤ ਇਕਮਾਤਰ ਦਲ ਇਨੈਲੋ ਹੈ। ਰਾਸ਼ਟਰੀ ਦਲ ਭਾਜਪਾ ਅਤੇ ਕਾਂਗਰਸ ਨੇ ਸਾਰੀਆਂ 90 ਸੀਟਾਂ, ਬਸਪਾ ਨੇ 87 ਅਤੇ ਖੇਤਰੀ ਦਲ ਇਨੈਲੋ ਨੇ 81 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ। ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਸਮੇਤ ਹੋਰ ਦਲਾਂ ਨੇ 434 ਉਮੀਦਵਾਰ ਚੋਣਾਂ 'ਚ ਉਤਾਰੇ ਹਨ, ਜਦੋਂ ਕਿ 375 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ 'ਚ ਹਨ। ਕਮਿਸ਼ਨ ਨੇ ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਲਈ ਰਾਜ 'ਚ ਕੁੱਲ 19,578 ਵੋਟਿੰਗ ਕੇਂਦਰ 'ਤੇ 27,611 ਈ.ਵੀ.ਐੱਮ. ਦੀ ਮਦਦ ਨਾਲ ਵੋਟਿੰਗ ਕਰਵਾਉਣ ਦੀ ਤਿਆਰੀ ਪੂਰੀ ਕਰ ਲਈ ਹੈ।