ਮੀਂਹ-ਬਰਫਬਾਰੀ ਨਾਲ ਹੋਵੇਗਾ ਨਵੇਂ ਸਾਲ ਦਾ ਸਵਾਗਤ

12/31/2019 12:10:29 AM

ਨਵੀਂ ਦਿੱਲੀ/ਚੰਡੀਗੜ੍ਹ (ਏਜੰਸੀਆਂ)–ਪੰਜਾਬ, ਹਿਮਾਚਲ, ਹਰਿਆਣਾ ਅਤੇ ਰਾਜਧਾਨੀ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਹੱਡਚੀਰਵੀਂ ਠੰਡ ਅਤੇ ਕਾਂਬੇ ਦੀ ਲਪੇਟ ਵਿਚ ਹੈ। ਸ਼ਨੀਵਾਰ ਨੂੰ ਸੰਘਣੀ ਧੁੰਦ ਦੀ ਮਾਰ ਨਾਲ ਆਸਮਾਨ ਤੋਂ ਲੈ ਕੇ ਰੇਲ ਅਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਨਾਲ ਹੀ ਜਨਜੀਵਨ ’ਤੇ ਵੀ ਬੁਰਾ ਅਸਰ ਪਿਆ ਹੈ। ਹਰਿਆਣਾ ਤੇ ਪੰਜਾਬ ਵਿਚ ਜ਼ਿਆਦਾਤਰ ਥਾਵਾਂ ’ਤੇ ਸੰਘਣੀ ਧੁੰਦ ਛਾਈ ਰਹਿਣ ਨਾਲ ਸਵੇਰ ਵੇਲੇ ਵਿਜੀਬਿਲਟੀ ਦਾ ਪੱਧਰ ਵੀ ਘੱਟ ਗਿਆ। ਉਥੇ ਹੀ ਹਿਮਾਚਲ ਪ੍ਰਦੇਸ਼, ਰੋਹਤਾਂਗ ਦੱਰਾ ਅਤੇ ਕੇਲਾਂਗ ਵਿਚ ਵੀ ਤਾਪਮਾਨ ਸਿਫਰ ਤੋਂ ਕਾਫੀ ਹੇਠਾਂ ਬਣਿਆ ਹੋਇਆ ਹੈ, ਹਾਲਾਂਕਿ ਸ਼ਿਮਲਾ ਅਤੇ ਮਨਾਲੀ ਵਿਚ ਹਾਲਾਤ ਕੁਝ ਬਿਹਤਰ ਹੋਏ ਹਨ ਪਰ ਕੜਾਕੇ ਦੀ ਠੰਡ ਬਰਕਰਾਰ ਹੈ। ਹਾਲਾਂਕਿ ਆਉਣ ਵਾਲੇ 24 ਘੰਟਿਆਂ ’ਚ ਮੌਸਮ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ ਵਿਚ ਮੀਂਹ ਅਤੇ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਤੋਂ ਬਾਅਦ ਤਾਪਮਾਨ ਵਿਚ ਹੋਰ ਗਿਰਾਵਟ ਆ ਸਕਦੀ ਹੈ। ਇਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਨਵੇਂ ਸਾਲ ਦਾ ਸਵਾਗਤ ਮੀਂਹ ਅਤੇ ਬਰਫਬਾਰੀ ਨਾਲ ਹੋਵੇਗਾ।
ਦਿੱਲੀ ਹਵਾਈ ਅੱਡੇ ’ਤੇ ਸੰਘਣੀ ਧੁੰਦ ਦੇ ਕਾਰਣ ਸੋਮਵਾਰ ਨੂੰ ਹਵਾਈ ਆਵਾਜਾਈ ਪ੍ਰਭਾਵਿਤ ਰਹੀ। ਇਕ ਅਧਿਕਾਰੀ ਨੇ ਦੱਸਿਆ ਕਿ 21 ਉਡਾਣਾਂ ਦਾ ਰਸਤਾ ਬਦਲ ਦਿੱਤਾ ਗਿਆ, 6 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਲਗਭਗ 530 ਉਡਾਣਾਂ ਵਿਚਦੇਰੀ ਹੋਈ। ਇਸ ਵਜ੍ਹਾ ਨਾਲ ਹਜ਼ਾਰਾਂ ਲੋਕ ਫਸੇ ਰਹੇ। ਹਵਾਈ ਅੱਡੇ ਤੋਂ ਜਹਾਜ਼ਾਂ ਦਾ ਸੰਚਾਲਨ ‘ਸ਼੍ਰੇਣੀ 3 ਬੀ’ ਹਾਲਾਤਾਂ ਵਿਚ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਰਨਵੇਅ ਵਿਜ਼ੀਬਿਲਟੀ ਰੇਂਜ (ਆਰ. ਬੀ. ਆਰ.) 50 ਤੋਂ 175 ਮੀਟਰ ਦੇ ਦਰਮਿਆਨ ਹੈ।
ਉਥੇ ਹੀ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਸੰਘਣੀ ਧੁੰਦ ਅਤੇ ਤੇਜ਼ ਰਫਤਾਰ ਦਾ ਕਹਿਰ ਇਕ ਪਰਿਵਾਰ ’ਤੇ ਟੁੱਟਿਆ। ਬੀਤੀ ਰਾਤ ਤੇਜ਼ ਰਫਤਾਰ ਦੀ ਮਾਰੂਤੀ ਅਰਟਿਗਾ ਕਾਰ ਤੋਂ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਰਸਤਾ ਵਿਖਾਈ ਨਾ ਦੇਣ ਕਾਰਣ ਗੱਡੀ ਨਹਿਰ ਵਿਚ ਡਿੱਗ ਗਈ। ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਹੈ, ਜਦਕਿ 5 ਲੋਕ ਜ਼ਖ਼ਮੀ ਵੀ ਹੋਏ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਦਿੱਲੀ ਆਉਣ ਵਾਲੀਆਂ ਵੱਖ-ਵੱਖ ਰਾਜਧਾਨੀ ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਈ ਹੋਰ ਰੇਲ ਗੱਡੀਆਂ ਕਈ-ਕਈ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ।


Sunny Mehra

Content Editor

Related News