ਮੌਸਮ ਵਿਭਾਗ ਦੀ ਚਿਤਾਵਨੀ, ਪੂਰੇ ਦੇਸ਼ 'ਚ ਹਨੇਰੀ-ਤੂਫਾਨ ਨਾਲ ਪੈ ਸਕਦੇ ਹਨ ਗੜ੍ਹੇ
Wednesday, Apr 17, 2019 - 04:45 PM (IST)
ਨਵੀਂ ਦਿੱਲੀ-ਭਾਰਤੀ ਮੌਸਮ ਵਿਭਾਗ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉੱਤਰ ਅਤੇ ਉੱਤਰ ਪੂਰਬੀ ਭਾਰਤ ਸਮੇਤ ਕਈ ਹਿੱਸਿਆ 'ਚ ਅੱਜ ਭਾਵ ਬੁੱਧਵਾਰ ਨੂੰ ਹਨੇਰੀ ਅਤੇ ਤੂਫਾਨ ਆ ਸਕਦਾ ਹੈ। ਇਸ ਦੇ ਨਾਲ ਗੜ੍ਹੇ ਵੀ ਪੈ ਸਕਦੇ ਹਨ ਅਤੇ ਆਸਮਾਨੀ ਬਿਜਲੀ ਵੀ ਡਿੱਗ ਸਕਦੀ ਹੈ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆ, ਪੰਜਾਬ, ਉਤਰਾਂਖੰਡ ਅਤੇ ਬਿਹਾਰ ਲਈ 'ਅੰਬਰ' ਰੰਗ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਦਾ ਮਤਲਬ ਸਰਕਾਰ ਨੂੰ ਸੰਕਟ ਨਾਲ ਨਿਪਟਣ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ। ਉੱਤਰ ਅਤੇ ਮੱਧ ਭਾਰਤ ਦੇ ਕਈ ਹਿੱਸਿਆ 'ਚ ਐਤਵਾਰ ਤੋਂ ਹੀ ਹਨੇਰੀ ਤੂਫਾਨ ਆ ਰਿਹਾ ਹੈ। ਇਸ ਦੇ ਨਾਲ ਭਾਰੀ ਬਾਰਿਸ਼ ਅਤੇ ਧੂੜ ਭਰੀ ਹਨੇਰੀ ਵੀ ਚੱਲ ਰਹੀ ਹੈ। ਅਧਿਕਾਰੀਆਂ ਨੇ ਅੱਜ ਭਾਵ ਬੁੱਧਵਾਰ ਨੂੰ ਇਹ ਵੀ ਦੱਸਿਆ ਹੈ ਕਿ ਮੰਗਲਵਾਰ ਨੂੰ ਬੇਮੌਸਮੀ ਬਾਰਿਸ਼, ਧੂੜ ਭਰੀ ਹਨੇਰੀ ਅਤੇ ਆਸਮਾਨੀ ਬਿਜਲੀ ਡਿੱਗਣ ਨਾਲ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕਈ ਹਿੱਸੇ ਪ੍ਰਭਾਵਿਤ ਹੋਏ, ਜਿੱਥੇ ਇਸ ਕਾਰਨ 35 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
60-70 ਕਿ. ਮੀ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ-
ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ, ''ਉਤਰਾਂਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਬਿਹਾਰ ਅਤੇ ਪੱਛਮੀ ਬੰਗਾਲ 'ਚ ਗੰਗਾ ਨਦੀ ਦੇ ਨਾਲ ਲੱਗਦੇ ਇਲਾਕਿਆਂ 'ਚ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਬਾਰਿਸ਼ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਗੜ੍ਹੇ ਵੀ ਪੈ ਸਕਦੇ ਹਨ ਅਤੇ ਆਸਮਾਨੀ ਬਿਜਲੀ ਵੀ ਡਿੱਗ ਸਕਦੀ ਹੈ।''
ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਉਪ ਹਿਮਾਲਿਆ ਪੱਛਮੀ ਬੰਗਾਲ, ਸਿੱਕਿਮ, ਉਡੀਸ਼ਾ, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਤੱਟੀ ਕਰਨਾਟਕ, ਤਾਮਿਲਨਾਡੂ ਅਤੇ ਕੇਰਲ 'ਚ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਹਨੇਰੀ-ਤੂਫਾਨ ਵੀ ਆ ਸਕਦਾ ਹੈ।
ਪੱਛਮੀ ਗੜਬੜੀ ਕਾਰਨ ਬਦਲਿਆ ਮੌਸਮ-
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਕਾਰਨ ਹਨੇਰੀ, ਬਾਰਿਸ਼ ਅਤੇ ਆਸਮਾਨੀ ਬਿਜਲੀ ਡਿੱਗਣ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ।