ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਇਹ ਕਿਸਾਨ ਆਗੂ ਹਾਰੇ, ਜ਼ਮਾਨਤ ਵੀ ਹੋਈ ਜ਼ਬਤ
Wednesday, Oct 09, 2024 - 01:07 PM (IST)
ਹਿਸਾਰ- ਹਰਿਆਣਾ ਵਿਚ ਇਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਹਰਿਆਣਾ ਦੀ ਪਿਹੋਵਾ ਸੀਟ 'ਤੇ ਭਾਜਪਾ ਹਾਰ ਗਈ ਪਰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਇਹ ਸੀਟ ਨਹੀਂ ਜਿੱਤ ਸਕੇ ਹਨ। ਉਨ੍ਹਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੜੂਨੀ ਨੂੰ ਸਿਰਫ਼ 1170 ਵੋਟਾਂ ਮਿਲੀਆਂ। ਇਹ ਸੀਟ ਕਾਂਗਰਸ ਦੇ ਮਨਦੀਪ ਚੱਠਾ ਨੇ ਜਿੱਤੀ ਹੈ। ਗੁਰਨਾਮ ਚੜੂਨੀ ਸੰਯੁਕਤ ਕਿਸਾਨ ਮੋਰਚਾ (SKM) ਦੇ ਮੈਂਬਰ ਸਨ, ਜੋ 40 ਖੇਤੀਬਾੜੀ ਜਥੇਬੰਦੀਆਂ ਦਾ ਇਕ ਸਮੂਹ ਹੈ। ਜਿਸ ਨੇ ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਇਕ ਸਾਲ ਤੋਂ ਵੱਧ ਲੰਬੇ ਸਮੇਂ ਤੱਕ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ।
ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਸਾਲ 2021 ਵਿਚ ਆਪਣੀ ਸਿਆਸੀ ਪਾਰਟੀ 'ਸੰਯੁਕਤ ਸੰਘਰਸ਼ ਪਾਰਟੀ ਬਣਾਈ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਸਿਆਸਤ ਨੂੰ 'ਸ਼ੁੱਧ' ਕਰਨਾ ਅਤੇ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਹੈ। ਇਸ ਤੋਂ ਬਾਅਦ 2022 'ਚ ਪੰਜਾਬ ਵਿਧਾਨ ਸਭਾ ਚੋਣਾਂ 'ਚ ਵੀ ਉਨ੍ਹਾਂ ਦੀ ਪਾਰਟੀ ਉਤਰੀ ਪਰ ਸਫ਼ਲਤਾ ਨਹੀਂ ਮਿਲੀ। ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਦੀਆਂ ਕੁੱਲ 90 ਸੀਟਾਂ ਲਈ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 48 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਕਾਂਗਰਸ ਨੇ 37 ਸੀਟਾਂ ਮਿਲੀਆਂ।