PM ਮੋਦੀ ਨਾਲ ਬੈਠਕ ਲਈ ਰਾਜ਼ੀ ਹੋਏ ਜੰਮੂ-ਕਸ਼ਮੀਰ ਦੇ ਆਗੂ, ਮਹਿਬੂਬਾ ਮੁਫ਼ਤੀ ਵੀ ਹੋਵੇਗੀ ਸ਼ਾਮਲ
Tuesday, Jun 22, 2021 - 02:09 PM (IST)
ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਪ੍ਰਮੁੱਖ ਦਲਾਂ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 24 ਜੂਨ ਨੂੰ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਇਹ ਐਲਾਨ ਇੱਥੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਗੁਪਕਰ ਰੋਡ ਸਥਿਤ ਰਿਹਾਇਸ਼ ’ਤੇ ਕੇਂਦਰ ਦੇ ਸੱਦੇ ਨੂੰ ਲੈ ਕੇ ਚਰਚਾ ਕਰਨ ਮਗਰੋਂ ਕੀਤਾ ਗਿਆ। ਬੈਠਕ ਤੋਂ ਬਾਅਦ ਅਬਦੁੱਲਾ ਨੇ ਦੱਸਿਆ ਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਮੁਖੀ ਮਹਿਬੂਬਾ ਮੁਫਤੀ, ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇਤਾ ਐੱਮ. ਵਾਈ ਤਾਰਿਗਾਮੀ ਸਮੇਤ ਹੋਰ ਦਲਾਂ ਦੇ ਆਗੂਆਂ ਨੂੰ ਬੁਲਾਇਆ ਗਿਆ, ਉਹ ਪ੍ਰਧਾਨ ਮੰਤਰੀ ਵਲੋਂ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ ’ਚ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਜੂਨ ਨੂੰ ਜੰਮੂ-ਕਸ਼ਮੀਰ ਦੇ ਆਗੂਆਂ ਦੀ ਬੈਠਕ ਬੁਲਾਈ ਹੈ।
ਅਬਦੁੱਲਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਤਹਿਤ ਪ੍ਰਦਾਨ ਕੀਤੇ ਗਏ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਵੇਗਾ। ਆਗੂਆਂ ਦਾ ਕਹਿਣਾ ਹੈ ਕਿ ਬੈਠਕ ਦਾ ਕੋਈ ਤੈਅ ਏਜੰਡਾ ਨਹੀਂ ਹੈ। ਉਹ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ, ਸਿਆਸੀ ਲੋਕਾਂ ਦੀ ਰਿਹਾਈ ਸਮੇਤ ਆਪਣੀਆਂ ਹੋਰ ਮੰਗਾਂ ਰੱਖਣਗੇ। ਉਨ੍ਹਾਂ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੇ ਹਿੱਤ ਲਈ ਲਏ ਜਾਣ ਵਾਲੇ ਕੇਂਦਰ ਦੇ ਕਿਸੇ ਵੀ ਫ਼ੈਸਲਾ ਨੂੰ ਮਨਜ਼ੂਰ ਕਰਾਂਗੇ। ਇਸ ਦੇ ਨਾਲ ਹੀ ਆਗੂਆਂ ਨੇ ਇਹ ਗੱਲ ਵੀ ਸਾਫ਼ ਕੀਤੀ ਕਿ ਅਸੀਂ ਅਜਿਹੇ ਕਿਸੇ ਵੀ ਪ੍ਰਸਤਾਵ ਨੂੰ ਮਨਜ਼ੂਰ ਨਹੀਂ ਕਰਾਂਗੇ, ਜੋ ਸਾਡੇ ਹਿੱਤ ਖ਼ਿਲਾਫ ਹੋਵੇਗਾ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਦੀ ਮੰਗ ਨੂੰ ਲੈ ਕੇ 6 ਪਾਰਟੀਆਂ ਨੇ ਮਿਲ ਕੇ ਗੁਪਕਾਰ ਘੋਸ਼ਣਾਪੱਤਰ ਗਠਜੋੜ (ਪੀ. ਏ. ਜੀ. ਡੀ.) ਦਾ ਗਠਨ ਕੀਤਾ ਸੀ। ਇਸ ’ਚ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੋ ਮੁੱਖ ਪਾਰਟੀਆਂ ਹਨ।