ਗੁਜਰਾਤ ਨੇ ਘਟਾਇਆ ਟਰੈਫਿਕ ਜ਼ੁਰਮਾਨਾ, ਗਡਕਰੀ ਬੋਲੇ- ਕੋਈ ਸੂਬਾ ਅਜਿਹਾ ਨਹੀਂ ਕਰ ਸਕਦਾ

Wednesday, Sep 11, 2019 - 12:01 PM (IST)

ਗੁਜਰਾਤ ਨੇ ਘਟਾਇਆ ਟਰੈਫਿਕ ਜ਼ੁਰਮਾਨਾ, ਗਡਕਰੀ ਬੋਲੇ- ਕੋਈ ਸੂਬਾ ਅਜਿਹਾ ਨਹੀਂ ਕਰ ਸਕਦਾ

ਨਵੀਂ ਦਿੱਲੀ— ਦੇਸ਼ 'ਚ ਨਵੇਂ ਮੋਟਰ ਵ੍ਹੀਕਲ ਐਕਟ 'ਚ ਭਾਰੀ ਜ਼ੁਰਮਾਨੇ ਨੂੰ ਲੈ ਕੇ ਲੋਕਾਂ ਦੀ ਨਾਰਾਜ਼ਗੀ ਦੇਖਦੇ ਹੋਏ ਕੁਝ ਰਾਜ ਸਰਕਾਰਾਂ ਥੋੜ੍ਹੀ ਰਾਹਤ 'ਤੇ ਵਿਚਾਰ ਕਰ ਰਹੀ ਹੈ। ਇਸ ਲਈ ਗੁਜਰਾਤ ਦੀ ਵਿਜੇ ਰੂਪਾਨੀ ਸਰਕਾਰ ਨੇ ਜ਼ੁਰਮਾਨੇ ਦੀ ਰਕਮ ਨੂੰ ਘੱਟ ਕਰ ਦਿੱਤਾ ਹੈ। ਹਾਲਾਂਕਿ ਇਸ ਦਰਮਿਆਨ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ,''ਮੋਟਰ ਵ੍ਹੀਕਲ ਸੋਧ ਬਿੱਲ 'ਚ ਕੋਈ ਵੀ ਸੂਬਾ ਤਬਦੀਲੀ ਨਹੀਂ ਕਰ ਸਕਦਾ।'' ਗਡਕਰੀ ਨੇ ਕਿਹਾ,''ਮੈਂ ਸੂਬਿਆਂ ਤੋਂ ਜਾਣਕਾਰੀ ਲਈ ਹੈ। ਹਾਲੇ ਤੱਕ ਕੋਈ ਅਜਿਹਾ ਸੂਬਾ ਨਹੀਂ ਹੈ, ਜਿਸ ਨੇ ਕਿਹਾ ਹੋਵੇ ਕਿ ਇਸ ਐਕਟ ਨੂੰ ਲਾਗੂ ਨਹੀਂ ਕਰਾਂਗੇ। ਕੋਈ ਵੀ ਸੂਬਾ ਇਸ ਤੋਂ ਬਾਹਰ ਨਹੀਂ ਜਾ ਸਕਦਾ।''

ਗਡਕਰੀ ਇਸ ਤੋਂ ਪਹਿਲਾਂ ਵੀ ਟਰੈਫਿਕ ਜ਼ੁਰਮਾਨਾ ਵਧਾਉਣ ਦੇ ਫੈਸਲੇ ਦਾ ਕਈ ਵਾਰ ਬਚਾਅ ਕਰ ਚੁਕੇ ਹਨ। ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਸੀ ਕਿ ਸਰਕਾਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਜ਼ੁਰਮਾਨੇ ਦੀ ਰਕਮ ਵਧਾਉਣ ਦਾ ਫੈਸਲਾ ਜੇਬ ਭਰਨ ਲਈ ਨਹੀਂ ਸਗੋਂ ਲੋਕਾਂ ਨੂੰ ਟਰੈਫਿਕ ਰੂਲ ਫੋਲੋਅ ਕਰਨ ਲਈ ਪ੍ਰੇਰਿਤ ਕਰਨ ਅਤੇ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਸੀ ਕਿ ਇਕ ਵਾਰ ਓਵਰ ਸਪੀਡਿੰਗ ਦੇ ਚੱਕਰ 'ਚ ਉਨ੍ਹਾਂ ਦੀ ਗੱਡੀ ਦਾ ਚਾਲਾਨ ਕੱਟ ਚੁੱਕਿਆ ਹੈ।

ਦੱਸਣਯੋਗ ਹੈ ਕਿ ਗੁਜਰਾਤ ਸਰਕਾਰ ਨੇ ਮੰਗਲਵਾਰ ਨੂੰ ਜ਼ੁਰਮਾਨੇ ਦੀ ਰਕਮ ਘਟਾਉਣ ਦਾ ਐਲਾਨ ਕੀਤਾ ਸੀ। ਰਾਜ ਸਰਕਾਰ ਨੇ ਖਾਸ ਤੌਰ 'ਤੇ ਦੋਪਹੀਆ ਅਤੇ ਖੇਤੀਬਾੜੀ ਕੰਮ 'ਚ ਲੱਗੇ ਵਾਹਨਾਂ ਨੂੰ ਇਹ ਛੋਟ ਦਿੱਤੀ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ,''ਅਸੀਂ ਇਸ 'ਚ ਨਵੇਂ ਨਿਯਮਾਂ ਦੀ ਧਾਰਾ 50 'ਚ ਤਬਦੀਲੀ ਕੀਤੀ ਹੈ। ਇਸ 'ਚ ਅਸੀਂ ਜ਼ੁਰਮਾਨੇ ਦੀ ਰਕਮ ਨੂੰ ਘੱਟ ਕੀਤਾ ਹੈ।'' ਨਵੇਂ ਨਿਯਮਾਂ ਅਨੁਸਾਰ ਹੈਲਮੇਟ ਨਾ ਪਾਉਣ 'ਤੇ ਜ਼ੁਰਮਾਨੇ ਦੀ ਰਾਸ਼ੀ ਨੂੰ 1000 ਤੋਂ ਬਦਲ ਕੇ 500 ਕਰ ਦਿੱਤਾ ਗਿਆ ਹੈ। ਉੱਥੇ ਹੀ ਸੀਟ ਬੈਲਟ ਨਾ ਲਗਾਉਣ 'ਤੇ ਵੀ ਜ਼ੁਰਮਾਨਾ ਇਕ ਹਜ਼ਾਰ ਤੋਂ ਘਟਾ ਕੇ 500 ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਿਨਾਂ ਡਰਾਈਵਿੰਗ ਲਾਇਸੈਂਸ ਗੱਡੀ ਚਲਾਉਣ 'ਤੇ ਨਵੇਂ ਨਿਯਮਾਂ ਦੇ ਅਧੀਨ 5 ਹਜ਼ਾਰ ਰੁਪਏ ਜ਼ੁਰਮਾਨਾ ਹੈ ਪਰ ਗੁਜਰਾਤ 'ਚ ਦੋਪਹੀਆ ਵਾਹਨ ਚਾਲਕਾਂ ਨੂੰ 2 ਹਜ਼ਾਰ ਅਤੇ ਬਾਕੀ ਵਾਹਨਾਂ ਨੂੰ 3 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪਵੇਗਾ।


author

DIsha

Content Editor

Related News