BJP ਨੂੰ ਝਟਕਾ; ਸੂਰਤ ਨਗਰ ਨਿਗਮ ''ਚ 6 ਕੌਂਸਲਰ ''ਆਪ'' ''ਚ ਹੋਏ ਸ਼ਾਮਲ
Saturday, Apr 15, 2023 - 12:03 PM (IST)
ਸੂਰਤ- ਗੁਜਰਾਤ ਦੇ ਸੂਰਤ ਸ਼ਹਿਰ 'ਚ ਆਮ ਆਦਮੀ ਪਾਰਟੀ (ਆਪ) ਨੂੰ ਝਟਕਾ ਦਿੰਦਿਆਂ ਸਥਾਨਕ ਬਾਡੀਜ਼ ਦੇ 6 ਕੌਂਸਲਰ ਸੱਤਾਧਾਰੀ ਭਾਜਪਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਇਕ ਅਹੁਦੇਦਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਕੌਂਸਲਰਾਂ ਨੇ ਸ਼ੁੱਕਰਵਾਰ ਦੇਰ ਰਾਤ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਦੀ ਮੌਜੂਦਗੀ ਵਿਚ ਭਾਜਪਾ ਦਾ ਪੱਲਾ ਫੜਿਆ। ਫਰਵਰੀ 2021 'ਚ ਸੂਰਤ ਨਗਰ ਨਿਗਮ ਚੋਣਾਂ 'ਚ 'ਆਪ' ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 120 ਮੈਂਬਰੀ ਨਗਰ ਨਿਗਮ 'ਚ 27 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਬਣ ਗਈ। ਭਾਜਪਾ ਨੂੰ 93 ਸੀਟਾਂ ਮਿਲੀਆਂ ਸਨ, ਜਦਕਿ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ।
ਇਸ ਤੋਂ ਪਹਿਲਾਂ 'ਆਪ' ਦੇ 5 ਕੌਂਸਲਰ ਫਰਵਰੀ 2022 'ਚ ਭਾਜਪਾ 'ਚ ਸ਼ਾਮਲ ਹੋਏ ਸਨ ਪਰ ਉਨ੍ਹਾਂ 'ਚੋਂ ਇਕ ਪਾਰਟੀ 'ਚ ਵਾਪਸ ਆ ਗਿਆ ਸੀ। ਹੁਣ 6 ਹੋਰ ਕੌਂਸਲਰ ਸੱਤਾਧਾਰੀ ਪਾਰਟੀ ਭਾਜਪਾ 'ਚ ਸ਼ਾਮਲ ਹੋਣ ਨਾਲ ਨਗਰ ਨਿਗਮ 'ਚ ‘ਆਪ’ ਦੇ ਮੈਂਬਰਾਂ ਦੀ ਗਿਣਤੀ 17 ਰਹਿ ਗਈ ਹੈ। ਸਵਾਗਤ ਸਮਾਰੋਹ 'ਚ ਸ਼ੰਘਵੀ ਨੇ ਦੱਸਿਆ ਕਿ 'ਆਪ' ਦੇ ਕੌਂਸਲਰ ਆਪਣੀ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ‘ਆਪ’ ਦਾ ਅਸਲੀ ਚਿਹਰਾ ਦੇਸ਼ ਦੇ ਸਾਹਮਣੇ ਆ ਗਿਆ ਹੈ। ਜਿਸ ਤਰ੍ਹਾਂ 'ਆਪ' ਆਗੂਆਂ ਨੇ ਗੁਜਰਾਤ ਅਤੇ ਸੂਬੇ ਦੇ ਲੋਕਾਂ ਦਾ ਅਪਮਾਨ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਉਸ ਨੂੰ ਦੇਖਦੇ ਹੋਏ ਪਾਰਟੀ ਦੇ ਕੌਂਸਲਰ ਆਪਣੇ ਵਾਰਡਾਂ ਦਾ ਵਿਕਾਸ ਕਰਨ ਦੇ ਇਰਾਦੇ ਨਾਲ ਭਾਜਪਾ 'ਚ ਸ਼ਾਮਲ ਹੋ ਗਏ ਹਨ।