ਪੈਟਰੋਲ-ਡੀਜ਼ਲ ਕੀਮਤਾਂ ''ਚ ਵਾਧਾ ਤੁਰੰਤ ਵਾਪਸ ਲਵੇ ਸਰਕਾਰ : ਰਾਹੁਲ
Tuesday, Jun 30, 2020 - 12:20 AM (IST)
ਨਵੀਂ ਦਿੱਲੀ, 29 ਜੂਨ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਦੇਸ਼ ਦੇ ਗਰੀਬਾਂ, ਮਜ਼ਦੂਰਾਂ ਅਤੇ ਮੱਧ ਵਰਗ ਨੂੰ ਰਾਹਤ ਦੇਣ ਲਈ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਤੁਰੰਤ ਵਾਪਸ ਲਿਆ ਜਾਵੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ, ਬੇਰੋਜ਼ਗਾਰੀ ਅਤੇ ਆਰਥਿਕ ਤੂਫਾਨ ਦੇ ਇਸ ਦੌਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਸਰਕਾਰ ਆਮ ਲੋਕਾਂ 'ਤੇ ਸਿੱਧੀ ਸੱਟ ਮਾਰ ਰਹੀ ਹੈ। ਰਾਹੁਲ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਖਿਲਾਫ ਕਾਂਗਰਸ ਵਲੋਂ ਸੋਸ਼ਲ ਮੀਡੀਆ 'ਤੇ ਚਲਾਈ ਗਈ 'ਸਪੀਕ ਅੱਪ ਅਗੇਂਸਟ ਫਿਊਲ ਹਾਈਕ' ਮੁਹਿੰਮ ਤਹਿਤ ਵੀਡੀਓ ਸੰਦੇਸ਼ ਜਾਰੀ ਕਰਕੇ ਇਹ ਟਿੱਪਣੀ ਕੀਤੀ।
ਤੇਲ ਕੀਮਤਾਂ ਵਧਾ ਕੇ ਵਸੂਲੇ 18 ਲੱਖ ਕਰੋੜ ਰੁਪਏ : ਸੋਨੀਆ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਕਹਿਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ, ਇਸ ਦਾ ਫਾਇਦਾ ਜਨਤਾ ਨੂੰ ਦੇਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਨੇ ਟੈਕਸ ਵਧਾ ਕੇ ਜਨਤਾ ਤੋਂ 18 ਲੱਖ ਕਰੋੜ ਰੁਪਏ ਦੀ ਵਾਧੂ ਵਸੂਲੀ ਕੀਤੀ ਹੈ।
ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਰਕਰ ਹਿਰਾਸਤ 'ਚ ਲਏ
ਨਵੀਂ ਦਿੱਲੀ : ਕਾਂਗਰਸ ਨੇ ਤੇਲ ਦੀਆਂ ਕੀਮਤਾਂ 'ਚ ਵਾਧੇ ਖਿਲਾਫ 30 ਜੂਨ ਤੋਂ ਦੇਸ਼ ਦੇ ਹਰ ਬਲਾਕ 'ਚ ਪੰਜ ਦਿਨਾਂ ਵਿਰੋਧ ਪ੍ਰਦਰਸ਼ਨ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਵੀ ਕਾਂਗਰਸੀ ਵਰਕਰਾਂ ਨੇ ਦਿੱਲੀ, ਚੰਡੀਗੜ, ਅਹਿਮਦਾਬਾਦ, ਪਟਨਾ ਸਣੇ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕੀਤਾ। ਦਿੱਲੀ ਦੀ ਕਾਂਗਰਸ ਯੂਨਿਟ ਦੇ ਨੇਤਾਵਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਦਿੱਲੀ ਦੀ 'ਆਪ' ਸਰਕਾਰ ਖਿਲਾਫ ਨਾਅਰੇ ਲਗਾਏ। ਦਿੱਲੀ ਕਾਂਗਰਸ ਪ੍ਰਧਾਨ ਅਨਿਲ ਕੁਮਾਰ ਅਤੇ ਪਾਰਟੀ ਵਰਕਰਾਂ ਨੂੰ ਪੁਲਸ ਨੇ ਪਰਮਾਨੰਦ ਹਸਪਤਾਲ ਦੇ ਨੇੜੇ ਇਕ ਪੈਟਰੋਲ ਪੰਪ ਤੋਂ ਹਿਰਾਸਤ 'ਚ ਲੈ ਲਿਆ। ਉਹ ਸਾਰੇ ਉਪ ਰਾਜਪਾਲ ਅਨਿਲ ਬੈਜਲ ਦੀ ਅਧਿਕਾਰਤ ਰਿਹਾਇਸ਼ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।