ਸੰਸਦ ’ਚ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਤੋਂ ਭੱਜ ਰਹੀ ਸਰਕਾਰ: ਸੋਨੀਆ ਗਾਂਧੀ

Wednesday, Dec 08, 2021 - 01:10 PM (IST)

ਸੰਸਦ ’ਚ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਤੋਂ ਭੱਜ ਰਹੀ ਸਰਕਾਰ: ਸੋਨੀਆ ਗਾਂਧੀ

ਨਵੀਂ ਦਿੱਲੀ (ਵਾਰਤਾ)— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਕੋਲ ਜਨਤਾ ਨਾਲ ਜੁੜੇ ਮੁੱਦਿਆਂ ’ਤੇ ਸਵਾਲਾਂ ਦਾ ਜਵਾਬ ਨਹੀਂ ਹੈ, ਇਸ ਲਈ ਸੰਸਦ ਵਿਚ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਾਉਣ ਤੋਂ ਬਚ ਰਹੀ ਹੈ। ਗਾਂਧੀ ਨੇ ਅੱਜ ਇੱਥੇ ਸੰਸਦ ਦੇ ਸੈਂਟਰਲ ਹਾਲ ’ਚ ਕਾਂਗਰਸ ਸੰਸਦੀ ਪਾਰਟੀ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਸਦ ’ਚ ਹਰ ਵਿਸ਼ੇ ’ਤੇ ਚਰਚਾ ਕਰਾਉਣਾ ਚਾਹੁੰਦੀ ਹੈ ਪਰ ਮੋਦੀ ਸਰਕਾਰ ਚਰਚਾ ਤੋਂ ਭੱਜ ਰਹੀ ਹੈ। 

ਸੋਨੀਆ ਗਾਂਧੀ ਦਾ ਕਹਿਣਾ ਸੀ ਕਿ ਦੇਸ਼ ਦੀਆਂ ਸਰਹੱਦਾਂ ਦੀ ਸਥਿਤੀ, ਕਿਸਾਨਾਂ ਦੇ ਮੁੱਦੇ, ਮਹਿੰਗਾਈ, ਬੇਰੁਜ਼ਗਾਰੀ, ਕੋਰੋਨਾ ਵਰਗੇ ਮੁੱਦਿਆਂ ’ਤੇ ਸੰਸਦ ਵਿਚ ਚਰਚਾ ਹੋਣੀ ਚਾਹੀਦੀ ਹੈ ਪਰ ਸਰਕਾਰ ਇਸ ਲਈ ਸਮਾਂ ਨਹੀਂ ਦੇ ਰਹੀ ਹੈ ਅਤੇ ਚਰਚਾ ਕਰਾਉਣ ਤੋਂ ਭੱਜ ਰਹੀ ਹੈ। ਵਿਰੋਧੀ ਧਿਰ ਦੇ 12 ਮੈਂਬਰਾਂ ਨਾਲ ਹੀ ਪਾਰਟੀ ਦੇ 6 ਮੈਂਬਰਾਂ ਦੇ ਰਾਜ ਸਭਾ ਤੋਂ ਮੁਅੱਤਲੀ ਦੇ ਮੁੱਦੇ ’ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਗਲਤ ਤਰੀਕੇ ਨਾਲ ਇਨ੍ਹਾਂ ਸਾਰੇ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕੀਤਾ ਹੈ ਅਤੇ ਹੁਣ ਵੀ ਸਾਰੇ ਮੁਅੱਤਲ ਮੈਂਬਰ ਸੰਸਦ ਭਵਨ ਕੰਪਲੈਕਸ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਧਰਨਾ ਦੇ ਰਹੇ ਹਨ।

ਸੋਨੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਆਪਣੇ ਮੁਅੱਤਲ ਇਨ੍ਹਾਂ ਮੈਂਬਰਾਂ ਨਾਲ ਖੜ੍ਹੀ ਹੈ ਅਤੇ ਸਰਕਾਰ ਨੂੰ ਤੁਰੰਤ ਉਨ੍ਹਾਂ ਦੀ ਮੁਅੱਤਲੀ ਵਾਪਸ ਲੈ ਕੇ ਸੰਸਦ ਵਿਚ ਜਨਹਿੱਤ ਦੇ ਮੁੱਦਿਆਂ ’ਤੇ ਚਰਚਾ ਕਰਨੀ ਚਾਹੀਦੀ ਹੈ। ਗਾਂਧੀ ਨੇ ਨਾਗਾਲੈਂਡ ਵਿਚ ਬੇਕਸੂਰ ਲੋਕਾਂ ਨਾਲ ਹੀ ਸੁਰੱਖਿਆ ਫੋਰਸ ਦੇ ਜਵਾਨਾਂ ਦੇ ਮਾਰੇ ਜਾਣ ’ਤੇ ਵੀ ਡੂੰਘਾ ਦੁੱਖ ਜਤਾਇਆ ਅਤੇ ਕਿਹਾ ਕਿ ਸਰਕਾਰ ਨੇ ਇਸ ਘਟਨਾ ’ਤੇ ਦੁੱਖ ਜਤਾਇਆ ਪਰ ਇਹ ਉੱਚਿਤ ਨਹੀਂ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।


author

Tanu

Content Editor

Related News