2025 ਤੱਕ ਬੱਚਿਆਂ ਦੀ ਮੌਤ ਦਰ 23 ’ਤੇ ਲਿਆਉਣ ਦੀ ਕੋਸ਼ਿਸ਼ ’ਚ ਸਰਕਾਰ
Wednesday, Mar 18, 2020 - 12:35 AM (IST)
ਨਵੀਂ ਦਿੱਲੀ – ਰਾਜ ਸਭਾ ਵਿਚ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਵੱਲੋਂ ਸਰਕਾਰ ’ਤੇ ਨਵ-ਜਨਮੇ ਬੱਚਿਆਂ ਦੀ ਮੌਤ ਨੂੰ ਲੈ ਕੇ ‘ਰਾਜਨੀਤੀ ਕਰਨ’ ਦਾ ਦੋਸ਼ ਲਾਏ ਜਾਣ ਦਰਮਿਆਨ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਹਰਸ਼ਵਰਧਨ ਨੇ ਅੱਜ ਕਿਹਾ ਕਿ 2025 ਤੱਕ ਦੇਸ਼ ਵਿਚ ਨਵ-ਜਨਮੇ ਬੱਚਿਆਂ ਦੀ ਮੌਤ ਦਰ ਨੂੰ ਘੱਟ ਕਰ ਕੇ ਪ੍ਰਤੀ 1000 ਪਿੱਛੇ 23 ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿਹਤ ਮੰਤਰੀ ਨੇ ਪ੍ਰਸ਼ਨਕਾਲ ’ਚ ਪੂਰਕ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕੇਂਦਰ ਇਨ੍ਹਾਂ ਮਾਮਲਿਆਂ ਵਿਚ ਸੂਬਾ ਸਰਕਾਰਾਂ ਦੇ ਅੰਕੜਿਆਂ ਨਾਲ ਕੋਈ ਭੇਦ-ਭਾਵ ਨਹੀਂ ਕਰਦੀ ਅਤੇ ਇਸ ਮੁੱਦੇ ’ਤੇ ਕੋਈ ਰਾਜਨੀਤੀ ਨਹੀਂ ਕੀਤੀ ਜਾ ਰਹੀ। ਸਿਹਤ ਮੰਤਰੀ ਨੇ ਆਪਣੇ ਲਿਖਤੀ ਜਵਾਬ ਵਿਚ ਕਿਹਾ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਤੋਂ ਅਜਿਹੀ ਕੋਈ ਪੁਸ਼ਟੀ ਵਾਲੀ ਰਿਪੋਰਟ ਨਹੀਂ ਮਿਲੀ ਹੈ ਕਿ ਜੀਵਨ ਰੱਖਿਅਕ ਆਕਸੀਜਨ, ਮੈਡੀਕਲ ਅਤੇ ਇਲਾਜ ਸਹੂਲਤਾਂ ਦੀ ਕਮੀ ਕਾਰਣ ਬੱਚਿਆਂ ਦੀ ਮੌਤ ਹੋਈ ਹੈ। ਅਸੀਂ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਦੀ ਮੌਤ ਦੀ ਦਰ ਨੂੰ ਸਥਾਈ ਵਿਕਾਸ ਦਰ ਦੇ ਟੀਚੇ ਦੇ ਅਨੁਸਾਰ ਲਿਆਂਦਾ ਜਾ ਸਕੇ।