ਗੋਵਿੰਦ ਮੋਹਨ ਸੰਭਾਲਣਗੇ ਕੇਂਦਰੀ ਗ੍ਰਹਿ ਸਕੱਤਰ ਦਾ ਅਹੁਦਾ
Wednesday, Aug 21, 2024 - 04:35 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਸੀਨੀਅਰ ਅਧਿਕਾਰੀ ਗੋਵਿੰਦ ਮੋਹਨ ਵੀਰਵਾਰ ਨੂੰ ਅਜੇ ਕੁਮਾਰ ਭੱਲਾ ਦੀ ਥਾਂ ਲੈਣਗੇ, ਜਿਨ੍ਹਾਂ ਦਾ ਇਸ ਮਹੱਤਵਪੂਰਨ ਅਹੁਦੇ 'ਤੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ (BHU) ਤੋਂ ਬੀ.ਟੈਕ ਅਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (IIM), ਅਹਿਮਦਾਬਾਦ ਤੋਂ ਪੀਜੀ ਡਿਪਲੋਮਾ ਧਾਰਕ ਮੋਹਨ, ਕੈਬਨਿਟ ਸਕੱਤਰ ਤੋਂ ਬਾਅਦ ਨੌਕਰਸ਼ਾਹੀ ਦੇ ਦੂਜੇ ਸਭ ਤੋਂ ਉੱਚੇ ਅਹੁਦੇ 'ਤੇ ਨਿਯੁਕਤ ਹੋਣ ਤੋਂ ਪਹਿਲਾਂ ਕੇਂਦਰੀ ਸੱਭਿਆਚਾਰ ਸਕੱਤਰ ਵਜੋਂ ਤਾਇਨਾਤ ਸਨ। ਸਿੱਕਮ ਕੈਡਰ ਦੇ 1989 ਬੈਚ ਦੇ ਆਈਏਐੱਸ ਅਧਿਕਾਰੀ ਮੋਹਨ ਨੇ ਕੇਂਦਰੀ ਗ੍ਰਹਿ ਮੰਤਰਾਲਾ 'ਚ ਵਿਸ਼ੇਸ਼ ਡਿਊਟੀ ਅਧਿਕਾਰੀ ਵਜੋਂ ਪਹਿਲਾਂ ਹੀ ਚਾਰਜ ਸੰਭਾਲ ਲਿਆ ਸੀ। ਉਨ੍ਹਾਂ ਕੋਲ ਸਿੱਕਮ ਅਤੇ ਕੇਂਦਰ ਸਰਕਾਰ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਦਾ ਵਿਆਪਕ ਤਜਰਬਾ ਹੈ। ਮੋਹਨ ਨੂੰ ਮੌਜੂਦਾ ਸਮੇਂ 'ਚ ਸਰਕਾਰ 'ਚ ਸੇਵਾ ਕਰ ਰਹੇ ਸਭ ਤੋਂ ਪ੍ਰਭਾਵਸ਼ਾਲੀ ਅਧਿਕਾਰੀਆਂ 'ਚੋਂ ਇਕ ਮੰਨਿਆ ਜਾਂਦਾ ਹੈ ਅਤੇ ਉਹ ਆਪਣੀ ਮਿਹਨਤ ਲਈ ਜਾਣੇ ਜਾਂਦੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਗ੍ਰਹਿ ਮੰਤਰਾਲਾ 'ਚ ਵਧੀਕ ਸਕੱਤਰ ਦੇ ਤੌਰ 'ਤੇ ਕੰਮ ਕੀਤਾ ਸਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਮੇਤ ਕਈ ਅਹਿਮ ਵਿਭਾਗਾਂ ਨੂੰ ਸੰਭਾਲਿਆ ਸੀ। ਸੀਨੀਅਰ ਨੌਕਰਸ਼ਾਹ ਮੋਹਨ ਕੋਵਿਡ-19 ਮਹਾਮਾਰੀ ਦੌਰਾਨ ਵੀ ਸਰਕਾਰ ਦੇ ਪ੍ਰਮੁੱਖ ਸਰਕਾਰੀ ਅਧਿਕਾਰੀ ਰਹੇ ਅਤੇ ਉਨ੍ਹਾਂ ਨੂੰ ਵੱਖ-ਵੱਖ ਪ੍ਰੋਟੋਕੋਲਾਂ ਲਈ ਲਏ ਗਏ ਫੈਸਲਿਆਂ ਦੇ ਲਾਗੂ ਕਰਨ ਦੀ ਨਿਗਰਾਨੀ ਕਰਨ ਅਤੇ ਰਾਜਾਂ ਨਾਲ ਸੁਚਾਰੂ ਤਾਲਮੇਲ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਅਹੁਦਾ ਸੰਭਾਲਣ ਤੋਂ ਬਾਅਦ ਮੋਹਨ ਦੇ ਸਾਹਮਣੇ ਫੌਰੀ ਚੁਣੌਤੀ ਜੰਮੂ-ਕਸ਼ਮੀਰ 'ਚ ਸ਼ਾਂਤੀਪੂਰਨ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨਾਲ ਨਜ਼ਦੀਕੀ ਤਾਲਮੇਲ ਨਾਲ ਕੰਮ ਕਰਨਾ ਹੈ। ਚੋਣ ਕਮਿਸ਼ਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 18 ਸਤੰਬਰ ਤੋਂ ਤਿੰਨ ਪੜਾਵਾਂ 'ਚ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਹੈ। ਕੇਂਦਰੀ ਸੱਭਿਆਚਾਰਕ ਸਕੱਤਰ ਵਜੋਂ, ਮੋਹਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਦੋ ਪ੍ਰਮੁੱਖ ਪ੍ਰੋਗਰਾਮਾਂ, ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਹਰ ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8